ਲੁਧਿਆਣਾ: ਆਜ਼ਾਦੀ ਦਿਵਸ ਦੇ ਸੂਬਾ ਪੱਧਰੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰ ’ਚ ਸ਼ਾਮਲ ਹੋਣ ਪੁੱਜੇ ਸਨ ਕਿ ਦੁੱਗਰੀ ਇਲਾਕੇ ’ਚ ਕੁਝ ਸਮੇਂ ਬਾਅਦ ਹੀ ਅੰਨ੍ਹੇਵਾਹ ਗੋਲੀਆਂ ਚੱਲੀਆਂ। ਇਸ ਮੌਕੇ ਦੋ ਧੜਿਆਂ ’ਚ ਕੁੱਟਮਾਰ ਤੋਂ ਬਾਅਦ ਇੱਕ ਧੜੇ ਨੇ ਗੋਲੀਆਂ ਚਲਾ ਦਿੱਤੀਆਂ। ਸੂਚਨਾ ਮਿਲਦੇ ਹੀ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਤੇ ਹੋਰ ਸਾਰੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਗੋਲੀਕਾਂਡ ’ਚ 2 ਨੌਜਵਾਨ ਵੀ ਫੱਟੜ ਹੋਏ, ਜਿਨ੍ਹਾਂ ’ਚੋਂ ਇੱਕ ਨੂੰ ਇਲਾਜ ਲਈ ਸੀਐੱਮਸੀ ਤੇ ਦੂਸਰੇ ਨੂੰ ਡੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ। ਸੀਐੱਮਸੀ ਹਸਪਤਾਲ ’ਚ ਦਾਖਲ ਹਰਸਿਮਰਨ ਸਿੰਘ ਕੋਹਲੀ ਤੇ ਡੀਐੱਮਸੀ ਹਸਪਤਾਲ ’ਚ ਦਾਖ਼ਲ ਬਿਕਰਮਜੀਤ ਸਿੰਘ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਮਾਮਲੇ ’ਚ ਥਾਣਾ ਦੁੱਗਰੀ ਦੀ ਪੁਲੀਸ ਨੇ ਅਰਬਨ ਅਸਟੇਟ ਵਾਸੀ ਹਰਸਿਮਰਨ ਸਿੰਘ ਦੀ ਸ਼ਿਕਾਇਤ ’ਤੇ ਦੁੱਗਰੀ ਦੀ 200 ਫੁਟਾ ਰੋਡ ਸਥਿਤ ਫਲਾਵਰ ਐਨਕਲੇਵ ਵਾਸੀ ਜਤਿੰਦਰਪਾਲ ਸਿੰਘ ਤੇ ਹੋਰ ਦੇ ਖਿਲ਼ਾਫ਼ ਕਤਲ ਦੀ ਕੋਸ਼ਿਸ਼ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਟਨਸ