ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਇਥੇ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ’ਚ ਬਲਾਕਾਂ ਦੇ ਆਗੂਆਂ ਨੇ ਰੂਸ ਵਲੋਂ ਯੂਕਰੇਨ ’ਤੇ ਇਕਪਾਸੜ ਹਮਲਾ ਕਰਨ ਅਤੇ ਯੂਕਰੇਨ ਦੇ ਫ਼ੌਜੀ ਟਿਕਾਣਿਆਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਨਸ਼ਟ ਕਰਨ ਸਮੇਤ ਆਮ ਲੋਕਾਂ ਨੂੰ ਇਸ ਨਿਹੱਕੀ ਜੰਗ ਦਾ ਖਾਜਾ ਬਨਾਉਣ ਦੀ ਸਖ਼ਤ ਨਿੰਦਾ ਕਰਦਿਆਂ ਇਸ ਮਨੁੱਖ-ਮਾਰੂ ਜੰਗ ਨੂੰ ਬੰਦ ਕਰਨ ਦੀ ਮੰਗ ਕੀਤੀ। ਮੀਟਿੰਗ ’ਚ ਦੋਹਾਂ ਮਹਾਂ ਸ਼ਕਤੀਆਂ ਰੂਸ ਅਤੇ ਅਮਰੀਕਾ ਦੇ ਇਸ ਜੰਗੀ ਭੇੜ ’ਚ ਬਰਬਾਦ ਹੋ ਰਹੇ ਯੂਕਰੇਨ ਵਾਸੀਆਂ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੂਸ ਚੀਨ ਅਤੇ ਨਾਟੋ ਗੁੱਟ ਯੂਕਰੇਨ ਦੀ ਕੁਦਰਤੀ ਸੰਪਦਾ ਤੇ ਕਬਜ਼ਾ ਕਰਨ ਅਤੇ ਇਸ ਖਿੱਤੇ ਤੇ ਕਬਜ਼ਾ ਕਰਕੇ ਅਪਣੀਆਂ ਫੋਜੀ ਲਾਲਸਾਵਾਂ ਨੂੰ ਪੂਰਾ ਕਰਨ ਲਈ ਆਮ ਬੇਗੁਨਾਹ ਯੂਕਰੇਨ ਵਾਸੀਆਂ ਨੂੰ ਜੰਗ ਦਾ ਖਾਜਾ ਬਣਾ ਰਹੀ ਹੈ। ਮੀਟਿੰਗ ’ਚ ਗੁਰਪ੍ਰੀਤ ਸਿੰਘ ਸਿੱਧਵਾਂ, ਜਗਤਾਰ ਸਿੰਘ ਦੇਹੜਕਾ, ਸੁਖਵਿੰਦਰ ਸਿੰਘ ਹੰਬੜਾ, ਧਰਮ ਸਿੰਘ ਸੂਜਾਪੁਰ, ਪਰਮਜੀਤ ਸਿੰਘ ਸਵੱਦੀ, ਜਗਜੀਤ ਸਿੰਘ ਕਲੇਰ, ਕਰਨੈਲ ਸਿੰਘ ਆਦਿ ਹਾਜ਼ਰ ਸਨ।