ਗਗਨਦੀਪ ਅਰੋੜਾ
ਲੁਧਿਆਣਾ, 11 ਅਗਸਤ
ਸਨਅਤੀ ਸ਼ਹਿਰ ’ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਤੇ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਸਨਅਤੀ ਸ਼ਹਿਰ ’ਚ ਪੁਲੀਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਦੀ ਅਗਵਾਈ ’ਚ ਰੱਖੜੀ ਵਾਲੇ ਦਿਨ ਸ਼ਹਿਰ ਦੀ ਪੁਲੀਸ ਨੇ ਸ਼ਹਿਰ ’ਚ ਫਲੈਗ ਮਾਰਚ ਕੱਢਿਆ। ਫਲੈਗ ਮਾਰਚ ਪੁਲੀਸ ਲਾਈਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਪੁਲੀਸ ਕਮਿਸ਼ਨਰਰ ਦਫ਼ਤਰ ਜਾ ਕੇ ਖਤਮ ਹੋਇਆ। ਇਸ ਦੌਰਾਨ ਪੁਲੀਸ ਕਮਿਸ਼ਨਰ ਦੇ ਨਾਲ ਸਾਰੇ ਡੀਸੀਪੀ, ਏਡੀਸੀਪੀਜ਼, ਏਸੀਪੀਜ਼ ਤੇ ਹੋਰ ਪੁਲੀਸ ਫੋਰਸ ਮੌਜੂਦ ਸੀ।
ਰੱਖੜੀ ਦੇ ਦਿਨ ਤੇ ਆਉਣ ਵਾਲੇ ਆਜ਼ਾਦੀ ਦਿਵਸ ਨੂੰ ਦੇਖਦੇ ਹੋਏ ਪੁਲੀਸ ਕਮਿਸ਼ਨਰ ਦੀ ਅਗਵਾਈ ’ਚ ਵੀਰਵਾਰ ਦੀ ਸਵੇਰੇ 10 ਵਜੇ ਦੇ ਕਰੀਬ ਪੁਲੀਸ ਲਾਈਨ ’ਚ ਸਾਰੀ ਪੁਲੀਸ ਫੌਰਸ ਦੇ ਨਾਲ ਨਾਲ ਸਾਰੇ ਅਧਿਕਾਰੀਆਂ ਨੂੰ ਪੁੱਜਣ ਲਈ ਆਖਿਆ ਗਿਆ। ਇਸ ਦੌਰਾਨ ਸਾਰਿਆਂ ਨੇ ਪੁਲੀਸ ਲਾਈਨ ਤੋਂ ਫਲੈਗ ਮਾਰਚ ਸ਼ੁਰੂ ਕੀਤਾ, ਜੋ ਦੰਡੀ ਸਵਾਮੀ ਚੌਕ, ਫੁਆਰਾ ਚੌਕ, ਘੰਟਾ ਘਰ, ਮਾਤਾ ਰਾਣੀ ਚੌਂਖ, ਰੇਲਵੇ ਸਟੇਸ਼ਨ, ਜਗਰਾਉਂ ਪੁੱਲ ਤੋਂ ਹੁੰਦਾ ਹੋਇਆ ਗਿੱਲ ਰੋਡ ਬੱਸ ਅੱਡੇ ਕੋਲ ਦੀ ਹੁੰਦਾ ਹੋਇਆ ਭਾਰਤ ਨਗਰ ਚੌਂਕ ਜਾਂਦੇ ਹੋਏ ਪੁਲੀਸ ਕਮਿਸ਼ਨਰ ਦਫ਼ਤਰ ਵਿੱਚ ਜਾ ਕੇ ਖਤਮ ਹੋਇਆ। ਇਸ ਦੌਰਾਨ ਪੁਲੀਸ ਦੇ ਵੱਲੋਂ ਐਲਾਨ ਵੀ ਕਰਵਾਇਆ ਗਿਆ। ਸਨਅਤੀ ਸ਼ਹਿਰ ਦੇ ਲੋਕਾਂ ਦੇ ਨਾਲ ਪੁਲੀਸ ਹਰ ਸਮੇਂ ਮੌਜੂਦ ਹੈ ਤੇ ਆਜ਼ਾਦੀ ਦਿਵਸ ਸਮਾਗਮ ਨੂੰ ਇੱਕ ਤਿਉਹਾਰ ਵਾਂਗ ਮਨਾਇਆ ਜਾਵੇ ਤੇ ਗਲਤ ਲੋਕਾਂ ਤੋਂ ਦੂਰ ਰਿਹਾ ਜਾਵੇ। ਪੁਲੀਸ ਦੇ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਇਸ ਦੌਰਾਨ ਜੇਕਰ ਕੋਈ ਲਾਵਾਰਿਸ ਵਸਤੂ ਮਿਲਦੀ ਹੈ ਤਾਂ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਜਾਵੇ।