ਜਸਬੀਰ ਸ਼ੇਤਰਾ
ਜਗਰਾਉਂ, 3 ਦਸੰਬਰ
ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਜਗਰਾਉਂ ਹਲਕੇ ਦੇ ਪਿੰਡਾਂ ਵਿੱਚ ਦੋ ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਵੀ ਮੌਜੂਦ ਸਨ। ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਦੇ ਅਸਥਾਨ ਪਿੰਡ ਸ਼ੇਰਪੁਰ ਕਲਾਂ ਵਿੱਚ 1 ਕਰੋੜ 92 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ। ਸੋਨੀ ਗਾਲਬਿ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲਾਮਿਸਾਲ ਕੰਮਾਂ ਕਰਕੇ ਸੂਬੇ ’ਚ ਹਵਾ ਪੂਰੀ ਤਰ੍ਹਾਂ ਕਾਂਗਰਸ ਦੇ ਪੱਖ ’ਚ ਚੱਲ ਰਹੀ ਹੈ। ਸਰਪੰਚ ਰਮਨਦੀਪ ਕੌਰ ਨੇ ਕਿਹਾ ਕਿ ਮਾਰਕੀਟ ਕਮੇਟੀ ਜਗਰਾਉਂ ਵਲੋਂ ਪਿੰਡ ਸ਼ੇਰਪੁਰ ਕਲਾਂ ਤੋਂ ਇਲਾਵਾ ਗੁਰਦੁਆਰਾ ਨਾਨਕਸਰ ਕਲੇਰਾਂ ਨਾਲ ਜੋੜਨ ਵਾਲੀਆਂ ਸਮੁੱਚੀਆਂ ਸੜਕਾਂ ਨੂੰ ਨਵੀਆਂ ਬਣਾ ਕੇ ਵੱਡੀ ਸੇਵਾ ਨਿਭਾਈ ਗਈ ਹੈ। ਇਸੇ ਤਰ੍ਹਾਂ ਚੇਅਰਮੈਨ ਗਰੇਵਾਲ ਵੱਲੋਂ ਨੇੜਲੇ ਪਿੰਡ ਅਲੀਗੜ੍ਹ ਵਿੱਚ 11.50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਉੱਪਰਲੀ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ।
21 ਪਿੰਡਾਂ ਵਿੱਚ 100 ਕਰੋੜ ਦਾ ਵਿਕਾਸ ਹੋਇਆ: ਵੈਦ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਵੈਦ, ਚੇਅਰਮੈਨ ਵੇਅਰ ਹਾਊਸ ਕਾਰਪੋਰੇਸ਼ਨ, ਕੈਬਨਿਟ ਰੈਂਕ ਨੇ ਪਿੰਡ ਧਾਂਦਰਾ ਵਿੱਚ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਹਲਕਾ ਗਿੱਲ ਅਧੀਨ ਆਉਂਦੇ ਧਾਦਰਾਂ ਕਲੱਸਟਰ ਦੇ 21 ਪਿੰਡਾਂ ’ਚ 100 ਕਰੋੜ ਦੇ ਵਿਕਾਸ ਕਾਰਜ ਖਿੱਚ ਦਾ ਕੇਂਦਰ ਬਣਨਗੇ, ਜਿਸ ਨੂੰ ਪੰਜਾਬ ਅੰਦਰ ਰੋਲ ਮਾਡਲ ਵਜੋਂ ਵੇਖਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਧਾਂਦਰਾ ਕਲੱਸਟਰ ਤਹਿਤ ਸਕਿੱਲ ਸੈਂਟਰ, ਐਗਰੋ ਪ੍ਰੋਸੈਸਿੰਗ ਕੰਪਲੈਕਸ, ਚਿਲਡਰਨ ਪਾਰਕ, ਬਾਸਕਿਟਬਾਲ ਗਰਾਊਂਡ, ਜਿਮ, ਸਪੋਰਟਸ ਕੰਪਲੈਕਸ ਸੋਲਡ ਵੈਸਟਮੈਂਟ ਪਲਾਂਟ, ਸੀਵਰੇਜ, ਵਾਟਰ ਵਰਕਸ, 21 ਪਿੰਡਾਂ ਚ ਸੋਲਰ ਲਾਈਟਾਂ ਆਦਿ ਵੱਡੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।