ਗਗਨਦੀਪ ਅਰੋੜਾ
ਲੁਧਿਆਣਾ, 13 ਅਪਰੈਲ
ਇਥੇ ਧਨਾਨਸੂ ’ਚ ਬਣ ਰਹੀ ਵਿਸ਼ਵ ਪੱਧਰੀ ਹੀਰੋ ਸਾਈਕਲ ਵੈਲੀ ’ਚ ਅੱਜ ਹੀਰੋ ਦਾ ਅਤਿ-ਆਧੁਨਿਕ ਈ-ਸਾਈਕਲ ਪਲਾਂਟ ਸ਼ੁਰੂ ਕੀਤਾ ਗਿਆ। ਹੀਰੋ ਦੇ ਈ-ਸਾਈਕਲ ਪਲਾਂਟ ’ਚ ਪਹਿਲੇ ਪੜਾਅ ਦੌਰਾਨ ਸਾਲਾਨਾ 2 ਮਿਲੀਅਨ ਈ-ਸਾਈਕਲਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ 70 ਫੀਸਦੀ ਤੋਂ ਜ਼ਿਆਦਾ ਉਤਪਾਦਾਂ ਨੂੰ ਵਿਦੇਸ਼ ’ਚ ਭੇਜਿਆ ਜਾਵੇਗਾ। ਇਸ ਪਲਾਂਟ ਦਾ ਉਦਘਾਟਨ ਕਰਨ ਦੇ ਨਾਲ-ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੈਲੀ ਦੀ ਅਪ੍ਰੋਚ ਰੋਡ ਦਾ ਵੀ ਉਦਘਾਟਨ ਕੀਤਾ। ਇਸ ਉਦਘਾਟਨ ਸਮਾਗਮ ’ਚ ਵਰਚੁਅਲ ਤੌਰ ’ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨਵੀਂ ਸ਼ਾਮਲ ਹੋਏ। ਇਸ ਮੌਕੇ ਹੀਰੋ ਮੋਟਰਜ਼ ਕੰਪਨੀ ਦੇ ਸੀ.ਐੱਮ.ਡੀ. ਪੰਕਜ ਮੁੰਜਾਲ ਖਾਸ ਤੌਰ ’ਤੇ ਮੌਜੂਦ ਸਨ। ਇਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐੱਮਐੱਸਮਐੱਮਈ ਸੈਕਟਰ ਨੂੰ ਉਤਸ਼ਾਹਿਤ ਕਰਨ ਦੇ ਲਈ ਵਪਾਰੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਾਈਕਲ ਵੈਲੀ ’ਚ ਵਪਾਰਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ 8.5 ਕਿਲੋਮੀਟਰ ਲੰਬੀ ਅਤੇ 100 ਫੁੱਟ ਚੌੜੀ ਸੜਕ (ਜੋ ਕਿ ਚੰਡੀਗੜ੍ਹ ਰੋਡ ਨੂੰ ਸਾਈਕਲ ਵੈਲੀ ਨਾਲ ਜੋੜਦੀ ਹੈ) ਦਾ ਉਦਘਾਟਨ ਕੀਤਾ, ਜਿਸ ਦਾ ਨਿਰਮਾਣ ਪੀ.ਐੱਸ.ਆਈ.ਈ.ਸੀ. ਵੱਲੋਂ 66 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਪੰਕਜ ਮੁੰਜਾਲ ਨੇ ਦੱਸਿਆ ਕਿ ਸਾਈਕਲ ਵੈਲੀ ਯੂਰਪ ਵਿਚ ਕੇਂਦਰਿਤ ਆਰ.ਐਂਡ.ਡੀ. ਸਹੂਲਤਾਂ ਅਤੇ ਭਾਰਤ ਵਿਚ ਨਿਰਮਾਣ ਸਬੰਧੀ ਐੱਚ.ਐੱਮ.ਸੀ. ਦੀ ਗਲੋਬਲ ਇੰਜਨੀਅਰਿੰਗ ਅਤੇ ਨਿਰਮਾਣ ਚੇਨ ਸਥਾਪਤ ਕਰਨ ਵਿਚ ਇਕ ਮਹੱਤਵਪੂਰਨ ਤੱਤ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਐਚ.ਐਮ.ਸੀ. ਦੇ ਵਾਧੇ ਦੀ ਸਮਰੱਥਾ 10 ਮਿਲੀਅਨ ਯੂਨਿਟ ਪ੍ਰਤੀ ਸਾਲ ਵਧਾਉਣ ਵਿਚ ਸਹਾਇਤਾ ਕਰੇਗੀ, ਜਿਥੇ 40 ਲੱਖ ਪ੍ਰੀਮੀਅਮ ਸਾਈਕਲ ਅਤੇ ਈ ਸਾਈਕਲਾਂ ਦਾ ਉਤਪਾਦਨ ਮੁੱਖ ਤੌਰ ’ਤੇ ਵਿਸ਼ਵਵਿਆਪੀ ਖਪਤ ਲਈ ਹੋਵੇਗਾ। 100 ਏਕੜ ਵਿੱਚ ਫੈਲੀ ਇਹ ਵੈਲੀ ਜਦੋਂ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗੀ ਤਾਂ 9 ਹਜ਼ਾਰ ਤੋਂ ਵੱਧ ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲਣ ਦੀ ਆਸ ਹੈ। ਇਸ ਮੌਕੇ ਉਨ੍ਹਾਂ ਨਾਲ ਪੀ.ਐੱਸ.ਆਈ.ਈ.ਸੀ. ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬੱਸੀ, ਪੀ.ਐੱਮ.ਆਈ.ਡੀ.ਬੀ. ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ, ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ ਹਾਜ਼ਰ ਸਨ।
ਠੇਕਾ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਅਰੋੜਾ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਪੱਕਾ ਨਾ ਕਰਨ ਦੇ ਰੋਸ ਵਜੋਂ ਅੱਜ ਜਲ ਸਪਲਾਈ ਵਿਭਾਗ ਦੇ ਠੇਕਾ ਵਰਕਰਾਂ ਨੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਉਹ ਪਿੰਡ ਧਨਾਨਸੂ ਵਿਚ ਸਾਈਕਲ ਵੈਲੀ ਦਾ ਉਦਘਾਟਨ ਕਰਨ ਪਹੁੰਚੇ ਸਨ। ਘਿਰਾਓ ਦੌਰਾਨ ਠੇਕਾ ਵਰਕਰਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਸੂਬਾ ਆਗੂ ਕੁਲਦੀਪ ਸਿੰਘ ਬੁੱਢੇਵਾਲ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਵੱਖ-ਵੱਖ ਪੋਸਟਾਂ ’ਤੇ ਸੇਵਾਵਾਂ ਦੇ ਰਹੇ 3500 ਦੇ ਕਰੀਬ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਪੰਜਾਬ ਸਰਕਾਰ ਵਲੋਂ ਮਾਰੂ ਫੈਸਲੇ ਲਏ ਜਾ ਰਹੇ ਹਨ, ਜਿਸ ਤਹਿਤ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਦੇ ਰਹੇ ਪਬਲਿਕ ਅਦਾਰੇ ਜਲ ਸਪਲਾਈ ਮਹਿਕਮੇ ਨੂੰ ਖਤਮ ਕਰਨ ਲਈ ਪੰਚਾਇਤੀਕਰਨ, ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਨਾਲ ਨਾਲ ਠੇਕਾ ਮੁਲਾਜ਼ਮਾਂ ਨੂੰ ਵੀ ਪੱਕਾ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਆਪਣੇ ਆਪਣੇ ਪਿੱਤਰੀ ਵਿਭਾਗਾਂ ਵਿਚ ਪੱਕਾ ਕਰਨ ਸਮੇਤ ਹੋਰਨਾਂ ਮੰਗਾਂ ਦੇ ਹੱਲ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਸਰਕਾਰ ਮੰਗਾਂ ਨੂੰ ਪੂਰਾ ਕਰਨ ਲਈ ਮੀਟਿੰਗ ਤੱਕ ਨਹੀਂ ਕਰ ਰਹੀ, ਜਿਸ ਦੇ ਰੋਸ ਵਜੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਫੀਲਡ ’ਚ ਆਉਣ ਸਮੇਂ ਮੁੱਖ ਮੰਤਰੀ ਪੰਜਾਬ, ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਸਬ ਕਮੇਟੀ ਮੈਂਬਰ-ਕਮ ਕੈਬਨਿਟ ਮੰਤਰੀਆਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਫੈਸਲਾ ਕੀਤਾ ਗਿਆ ਸੀ, ਇਸੇ ਤਹਿਤ ਅੱਜ ਕੈਬਨਿਟ ਮੰਤਰੀ ਦਾ ਘਿਰਾਓ ਕੀਤਾ ਗਿਆ।