ਦੇਵਿੰਦਰ ਸਿੰਘ ਜੱਗੀ
ਪਾਇਲ, 18 ਜਨਵਰੀ
ਵਿਧਾਨ ਸਭਾ ਹਲਕਾ ਪਾਇਲ ਦੇ ਪਿਛਲੇ ਇਤਿਹਾਸ ਦੀ ਗੱਲ ਕਰੀਏ ਤਾਂ ਦੋ ਪਾਰਟੀਆਂ ਦੇ ਉਮੀਦਵਾਰ ਜਿੱਤਦੇ ਰਹੇ ਹਨ, ਕਦੇ ਅਕਾਲੀ ਤੇ ਕਦੇ ਕਾਂਗਰਸ। ਪ੍ਰੰਤੂ ਪਹਿਲੀ ਵਾਰ ਵਿਧਾਨ ਸਭਾ ਹਲਕਾ ਪਾਇਲ ਵਿੱਚ ਬਹੁਕੋਨਾ ਮੁਕਾਬਲਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਲਖਵੀਰ ਸਿੰਘ ਲੱਖਾ ਤੀਸਰੀ ਵਾਰ ਚੋਣ ਲੜ ਰਹੇ ਹਨ, ਅਕਾਲੀ ਬਸਪਾ ਗੱਠਜੋੜ ਵੱਲੋਂ ਡਾ. ਜਸਪ੍ਰੀਤ ਸਿੰਘ ਬੀਜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ, ਸਯੁੰਕਤ ਕਿਸਾਨ ਮੋਰਚਾ ਵੱਲੋਂ ਸਿਮਰਜੀਤ ਸਿੰਘ ਦੋਬੁਰਜੀ ਨੂੰ ਟਿਕਟ ਦਿੱਤੀ ਗਈ ਹੈ, ਤੋਂ ਇਲਾਵਾ ਗੁਰਦੀਪ ਸਿੰਘ ਕਾਲੀ, ਜਗਦੀਪ ਸਿੰਘ ਸਿਰਥਲਾ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਵਿਧਾਨ ਸਭਾ ਹਲਕਾ ਪਾਇਲ ਵਿੱਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕੋਟਲੀ ਦੇ ਪਰਿਵਾਰ ਦਾ ਦਬਦਬਾ ਬਣਿਆ ਰਿਹਾ ਹੈ ਉਸ ਵਿੱਚੋਂ ਹੀ ਚੋਣ ਲੜ ਰਹੇ ਵਿਧਾਇਕ ਲੱਖਾ ਨੂੰ ਕੋਟਲੀ ਪਰਿਵਾਰ ਦਾ ਮੈਂਬਰ ਹੀ ਮੰਨਿਆ ਜਾ ਰਿਹਾ ਹੈ। ਇਸ ਵਾਰ ਵਿਧਾਇਕ ਲਖਵੀਰ ਸਿੰਘ ਲੱਖਾ ਹਲਕੇ ਅੰਦਰ ਕੀਤੇ ਵਿਕਾਸ ਕਾਰਜਾਂ ਨੂੰ ਆਧਾਰ ਬਣਾ ਕੇ ਚੋਣ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕੇ ਅੰਦਰਲੀ ਧੜੇਬੰਦੀ ਨੂੰ ਖਤਮ ਕਰਨ ਲਈ ਬਸਪਾ ਨਾਲ ਗੱਠਜੋੜ ਕਰ ਕੇ ਡਾ. ਜਸਪ੍ਰੀਤ ਸਿੰਘ ਬੀਜਾ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਹੋਂਦ ਚਿੱਲੜ ਕਾਂਡ ਦੌਰਾਨ ਸਿੱਖ ਪਰਿਵਾਰਾਂ ਦੇ ਕੇਸ ਵਿੱਚ ਲੜ ਕੇ ਹੱਕ ਦਿਵਾਉਣ ਵਾਲੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਿਸਾਨੀ ਅੰਦੋਲਨ ਵਿੱਚ ਜੂਝਣ ਵਾਲੇ ਸਿਮਰਦੀਪ ਸਿੰਘ ਦੌਬੁਰਜੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਮੀਦਵਾਰ ਬਣਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿਸਾਨਾਂ-ਮਜ਼ਦੂਰਾਂ ਨਾਲ ਤਾਲਮੇਲ ਕਰਨ ਲੱਗੇ ਹਨ। ਪਿਛਲੇ ਲੰਮੇ ਸਮੇਂ ਤੋਂ ਹਲਕਾ ਪਾਇਲ ਅੰਦਰ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲਾ ਅਤੇ ਪੋਲ-ਖੋਲ੍ਹ ਸੱਥ ਰਾਹੀਂ ਰਾਹੀਂ ਸਿਆਸੀ ਪਾਰਟੀਆਂ ਦੀ ਪੋਲ ਖੋਲ੍ਹਣ ਵਾਲਾ ਗੁਰਦੀਪ ਸਿੰਘ ਕਾਲੀ ਪਾਇਲ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਆ ਨਿੱਤਰਿਆ ਹੈ, ਜਿਸ ਦੀ ਚੋਣ ਮੁਹਿੰਮ ਆਰੰਭੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵੱਲੋਂ ਜਥੇਦਾਰ ਰਾਮਪਾਲ ਸਿੰਘ ਦੌਲਤਪੁਰ ਨੂੰ ਉਮੀਦਵਾਰ ਬਣਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।