ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਨਵੰਬਰ
ਐਤੀਆਣਾ ਦੇ ਸਰਕਾਰੀ ਸਕੂਲ ਵਿਚ ਹੋਏ ਸਾਲਾਨਾ ਖੇਡ ਮੁਕਾਬਲਿਆਂ ਦੌਰਾਨ ਡਾਕਟਰ ਹਰਗੋਬਿੰਦ ਖੁਰਾਣਾ ਗਰੁੱਪ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੱਤ ਸੋਨ ਤਗਮੇ ਹਾਸਲ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਓਵਰਆਲ ਟਰਾਫ਼ੀ ਜਿੱਤ ਲਈ। ਖੇਡ ਮੁਕਾਬਲਿਆਂ ਦਾ ਉਦਘਾਟਨ ਸਰਪੰਚ ਲਖਵੀਰ ਸਿੰਘ ਅਤੇ ਕੈਨੇਡਾ ਵਾਸੀ ਹਰਪ੍ਰੀਤ ਸਿੰਘ ਨੇ ਰੀਬਨ ਕੱਟ ਕੇ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਸਮੇਤ ਸਭਨਾਂ ਦਾ ਸਵਾਗਤ ਕੀਤਾ ਅਤੇ ਅਧਿਆਪਕ ਹਰਜੀਤ ਸਿੰਘ ਨੇ ਖਿਡਾਰੀਆਂ ਅਨੁਸ਼ਾਸਨ ਨਾਲ ਖੇਡਣ ਦੀ ਸਹੁੰ ਚੁਕਾਈ।
ਖਿਡਾਰੀਆਂ ਨੇ ਮਾਰਚ ਪਾਸਟ ਰਾਹੀਂ ਮਹਿਮਾਨਾਂ ਨੂੰ ਸਲਾਮੀ ਦਿੱਤੀ। ਸਕੂਲ ਦੇ ਖਿਡਾਰੀਆਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ, ਡਾਕਟਰ ਕਲਪਨਾ ਚਾਵਲਾ, ਮਦਰ ਟੈਰੇਸਾ ਅਤੇ ਡਾਕਟਰ ਹਰਗੋਬਿੰਦ ਖੁਰਾਨਾ ਗਰੁੱਪਾਂ ਵਿਚ ਵੰਡਿਆ ਗਿਆ ਸੀ। ਵਿਦਿਆਰਥੀਆਂ ਨੇ ਸੌ ਮੀਟਰ ਦੌੜ, ਤਿੰਨ ਟੰਗੀ ਦੌੜ, ਚਮਚ ਦੌੜ, ਬੋਰੀ ਦੌੜ, ਅੜਿੱਕਾ ਦੌੜ ਅਤੇ ਰੱਸਾਕਸ਼ੀ ਸਮੇਤ ਹੋਰ ਮੁਕਾਬਲਿਆਂ ਵਿਚ ਆਪਣੇ ਜੌਹਰ ਦਿਖਾਏ। ਸਕੂਲ ਕਮੇਟੀ ਦੇ ਚੇਅਰਮੈਨ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਪ੍ਰਵਾਸੀ ਪੰਜਾਬੀ ਹਰਪ੍ਰੀਤ ਸਿੰਘ ਕੈਨੇਡਾ, ਪ੍ਰੀਤਮ ਸਿੰਘ ਸਿਵੀਆ ਅਤੇ ਸਰਪੰਚ ਲਖਵੀਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਦੀ ਮਾਲੀ ਸਹਾਇਤਾ ਵੀ ਕੀਤੀ। ਇਸ ਮੌਕੇ ਇੰਚਾਰਜ ਮਨਜੀਤ ਕੌਰ, ਗੁਰਮਿੰਦਰ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਕੌਰ, ਕਰਮਜੀਤ ਕੌਰ ਅਤੇ ਤਰਨਦੀਪ ਕੌਰ ਵੀ ਮੌਜੂਦ ਸਨ।
ਐੱਨਜੀਓ ਆਸ-ਅਹਿਸਾਸ ਸਾਂਝ ਵੱਲੋਂ ਖੇਡ ਕਾਰਨੀਵਲ
ਲੁਧਿਆਣਾ (ਖੇਤਰੀ ਪ੍ਰਤੀਨਿਧ): ਲੁਧਿਆਣਾ ਦੇ ਪੁਲੀਸ ਲਾਈਨ ਬੁਕ ਨੁਕ ਲਾਇਬ੍ਰੇਰੀ ਵਿਚ ਐੱਨਜੀਓ ਆਸ-ਅਹਿਸਾਸ ਸਾਂਝ ਵੱਲੋ ਬਾਲ ਦਿਵਸ ਮੌਕੇ ਸਪੋਰਟਸ ਕਾਰਨੀਵਲ ਕਰਵਾਇਆ ਗਿਆ। ਇਸ ਮੌਕੇ 150 ਤੋਂ ਵੱਧ ਬੱਚਿਆ ਨੇ ਹਿੱਸਾ ਲਿਆ। ਉਦਘਾਟਨੀ ਸਮਾਗਮ ਦੌਰਾਨ ਆਈਪੀਐੱਸ ਡਾ. ਪ੍ਰਗਿਆ ਜੈਨ, ਏਸੀਪੀ ਰਾਜ ਕੁਮਾਰ ਚੌਧਰੀ, ਸਟੇਟ ਕੋਆਰਡੀਨੇਟਰ ਡੀਜੀਐੱਸਈ ਸੁਤੰਤੀਰ ਕਰੀਰ ਨੇ ਸ਼ਿਰਕਤ ਕੀਤੀ। ਰੁਚੀ ਬਾਵਾ ਨੇ ਦੱਸਿਆ ਕਿ ਇਸ ਕਾਰਨੀਵਲ ਵਿੱਚ ਵੱਖ-ਵੱਖ ਖੇਡਾਂ ’ਚ ਟੈਨਿਸ, ਬਾਸਕਟਬਾਲ, ਅਥਲੈਟਿਕਸ, ਕ੍ਰਿਕਟ, ਸਾਫਟ ਆਰਚਰੀ ਸਮੇਤ ਹੋਰ ਖੇਡਾਂ ਖਿਡਾਈਆਂ ਗਈਆਂ।