ਪੱਤਰ ਪੇ੍ਰਕ
ਗੁਰੂਸਰ ਸੁਧਾਰ, 1 ਨਵੰਬਰ
ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਦਾ ਵਿਰੋਧ ਕਰਨ ਲਈ ਸੀਟੂ ਵਰਕਰ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਪਿੰਡ ਨੂਰਪੁਰਾ ਦੇ ਰਿਲਾਇੰਸ ਪੰਪ ਉੱਪਰ ਪੈਟਰੋਲ ਖ਼ਰੀਦਣ ਲਈ ਦਵਾਈ ਵਾਲੀਆਂ ਸ਼ੀਸ਼ੀਆਂ ਲੈ ਕੇ ਪਹੁੰਚ ਗਏ ਅਤੇ ਅਨੋਖਾ ਪ੍ਰਦਰਸ਼ਨ ਕੀਤਾ। ਪੰਜ-ਪੰਜ ਰੁਪਏ ਦੇ ਸਿੱਕੇ ਲੈ ਕੇ ਵਰਕਰਾਂ ਨੇ ਪੰਪ ਮਾਲਕਾਂ ਤੋਂ ਪੈਟਰੋਲ ਦੀ ਮੰਗ ਕੀਤੀ।
ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਕਿਸਾਨ ਆਗੂ ਸੁਖਚੈਨ ਸਿੰਘ ਰਾਜੋਆਣਾ ਅਤੇ ਚਮਕੌਰ ਸਿੰਘ ਨੂਰਪੁਰਾ ਨੇ ਕਿਹਾ ਕਿ ਹੁਣ ਗੱਡੀ ਮੋਟਰ ਤਾਂ ਦੂਰ ਸਕੂਟਰ ਮੋਟਰਸਾਈਕਲ ਨੂੰ ਵੀ ਸੜਕ ‘ਤੇ ਕੱਢਣਾ ਦੁੱਭਰ ਹੋ ਗਿਆ ਹੈ, ਇਸੇ ਕਾਰਨ ਅਸੀਂ ਪੈਦਲ ਤੁਰ ਕੇ ਸ਼ੀਸ਼ੀਆਂ ਵਿਚ ਤੇਲ ਖ਼ਰੀਦਣ ਪਹੁੰਚੇ ਹਾਂ। ਸੀਟੂ ਆਗੂ ਪ੍ਰਿਤਪਾਲ ਸਿੰਘ ਬਿੱਟਾ, ਬਹਾਦਰ ਸਿੰਘ ਨੂਰਪੁਰਾ ਅਤੇ ਸਨੀ ਰਾਏਕੋਟ ਨੇ ਕਿਹਾ ਕਿ ਦਿਹਾੜੀਦਾਰ ਕਾਮਿਆਂ ਨੇ ਤਾਂ ਆਪਣੇ ਸਕੂਟਰ-ਮੋਟਰਸਾਈਕਲ ਘਰਾਂ ਵਿਚ ਖੂੰਜੇ ਲਾ ਦਿੱਤੇ ਹਨ। ਸੀਟੂ ਆਗੂਆਂ ਨੇ ਭਾਜਪਾ ਦੇ ਉਨ੍ਹਾਂ ਲੀਡਰਾਂ ਨੂੰ ਘਰਾਂ ਵਿਚੋਂ ਨਿਕਲਣ ਲਈ ਵੰਗਾਰਿਆ ਜਿਹੜੇ ਮਹਿੰਗਾਈ ਵਿਰੁੱਧ ਨਾਅਰੇ ਮਾਰਦੇ ਹੁੰਦੇ ਸੀ।