ਸੰਤੋਖ ਗਿੱਲ
ਗੁਰੂਸਰ ਸੁਧਾਰ, 2 ਸਤੰਬਰ
ਭਾਜਪਾ ਦੀ ਸੂਬਾਈ ਮੀਟਿੰਗ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਦੇ ਕਿਸਾਨਾਂ ਉੱਪਰ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕਰ ਕੇ ਇਕ ਕਿਸਾਨ ਦੀ ਜਾਨ ਲੈਣ ਅਤੇ ਸੈਂਕੜੇ ਕਿਸਾਨਾਂ ਨੂੰ ਜ਼ਖ਼ਮੀ ਕਰਨ ਵਾਲੀ ਹਰਿਆਣਾ ਦੀ ਖੱਟਰ ਸਰਕਾਰ ਦਾ ਪੁਤਲਾ ਪਿੰਡ ਰਾਜੋਆਣਾ ਖ਼ੁਰਦ ਵਿਚ ਕਿਸਾਨ ਜਥੇਬੰਦੀਆਂ ਅਤੇ ਸੀਟੂ ਕਾਰਕੁਨਾਂ ਵੱਲੋਂ ਫੂਕਿਆ ਗਿਆ। ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਕਿਸਾਨ ਆਗੂ ਅਜਮੇਰ ਸਿੰਘ ਚਾਹਲ ਅਤੇ ਸੁਖਚੈਨ ਸਿੰਘ ਰਾਜੋਆਣਾ ਨੇ ਕਿਹਾ ਕਿ ਕਿਸਾਨਾਂ ਦਾ ਸਿਰ ਭੰਨਣ ਦੇ ਹੁਕਮ ਦੇਣ ਵਾਲੇ ਐੱਸਡੀਐੱਮ ਆਯੂਸ਼ ਸਿਨਹਾ ਵਿਰੁੱਧ ਕੇਸ ਦਰਜ ਕੀਤਾ ਜਾਵੇ ਅਤੇ ਉਸ ਨੂੰ ਫ਼ੌਰੀ ਬਰਖ਼ਾਸਤ ਕੀਤਾ ਜਾਵੇ। ਸੀਟੂ ਆਗੂ ਪ੍ਰਿਤਪਾਲ ਸਿੰਘ ਬਿੱਟਾ, ਕਿਸਾਨ ਆਗੂ ਜੋਤੀ ਹਲਵਾਰਾ, ਜਸਪ੍ਰੀਤ ਸਿੰਘ ਢੱਟ ਅਤੇ ਮੁਲਾਜ਼ਮ ਆਗੂ ਜਸਵੀਰ ਸਿੰਘ ਅਕਾਲਗੜ੍ਹ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਘਟਨਾ ਸਥਾਨ ਤੋਂ ਕਈ ਕਿਲੋਮੀਟਰ ਦੂਰ ਬਸਤਾੜਾ ਟੌਲ ਪਲਾਜ਼ਾ ਉੱਪਰ ਸ਼ਾਂਤਮਈ ਬੈਠੇ ਕਿਸਾਨਾਂ ਨੂੰ ਵੀ ਪੁਲੀਸ ਨੇ ਜਾਣਬੁੱਝ ਕੇ ਜਬਰ ਦਾ ਨਿਸ਼ਾਨਾ ਬਣਾਇਆ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਨੂੰ ਮੁਜ਼ੱਫ਼ਰਨਗਰ ਮਹਾਂ ਪੰਚਾਇਤ ਵਿਚ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ।
ਕੇਸ ਰੱਦ ਕਰਨ ਦੀ ਮੰਗ
ਸਮਰਾਲਾ ( ਡੀਪੀਐੱਸ ਬੱਤਰਾ): ਸਮਰਾਲਾ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸਮਰਾਲਾ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਦੇ ਸੱਦੇ ’ਤੇ ਕੀਤੀ ਗਈ। ਮੀਟਿੰਗ ਸਮਰਾਲਾ ਹਲਕੇ ਦੀ ਫੇਰੀ ਦੌਰਾਨ ਸੁਖਬੀਰ ਬਾਦਲ ਦਾ ਵਿਰੋਧ ਕਰਨ ਲਈ ਇੱਕਠੇ ਹੋਏ ਕਿਸਾਨਾਂ ਅਤੇ ਸਮਾਜ ਸੇਵੀ ਵਰਕਰਾਂ ਉੱਤੇ ਕਥਿਤ ਤੌਰ ’ਤੇ ਨਾਜਾਇਜ਼ ਰੂਪ ਵਿੱਚ ਦਰਜ ਕੀਤੇ ਗਏ ਪੁਲੀਸ ਕੇਸ ਨੂੰ ਰੱਦ ਕਰਵਾਉਣ ਲਈ ਸੱਦੀ ਗਈ ਸੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਸੁਖਵਿੰਦਰ ਸਿੰਘ ਭੱਟੀਆਂ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਗੁਰਿੰਦਰ ਸਿੰਘ ਭੰਗੂ ਅਤੇ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਬਾਦਲ ਦੀ ਫੇਰੀ ਦੌਰਾਨ ਵੀ ਆਪਣੇ ਸਵਾਲਾਂ ਦੇ ਜਵਾਬ ਮੰਗਣ ਲਈ ਹੀ ਕਿਸਾਨ ਇੱਕਠੇ ਹੋਏ ਸਨ। ਸਮਰਾਲਾ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਅਤੇ ਵਾੲਂੀਸ ਚੇਅਰਮੈਨ ਇੰਦਰੇਸ਼ ਜੈਦਕਾ ਨੇ ਮੰਗ ਕੀਤੀ ਕੇਸਾਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਕਿਸਾਨ ਯੂਨੀਅਨਾਂ ਅਤੇ ਸਮਾਜਸੇਵੀ ਜਥੇਬੰਦੀਆਂ ਨੂੰ ਨਾਲ਼ ਲੈ ਕੇ ਪੁਲੀਸ ਪ੍ਰਸ਼ਾਸ਼ਨ ਦਾ ਘਿਰਾਓ ਕਰਦੇ ਹੋਏ ਤਿੱਖਾ ਵਿਰੋਧ ਕੀਤਾ ਜਾਵੇਗਾ।