ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੂਨ
ਪਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਛੱਡਣ ਲਈ ਜ਼ਿਲ੍ਹਾ ਲੁਧਿਆਣਾ ਤੋਂ ਰੇਲਾਂ ਭੇਜਣ ਦਾ ਸਿਲਸਿਲਾ ਜਾਰੀ ਹੈ। ਅੱਜ ਪਰਵਾਸੀਆਂ ਨੂੰ ਵੱਖ-ਵੱਖ ਸੂਬਿਆਂ ਨੂੰ ਚਾਰ ਰੇਲਾਂ ਲੈ ਕੇ ਗਈਆਂ। ਇਨ੍ਹਾਂ ਨੂੰ ਰਵਾਨਾ ਕਰਨ ਲਈ ਬੈਕਫਿੰਕੋ ਦੇ ਉਪ ਚੇਅਰਮੈਨ ਮੁਹੰਮਦ ਗੁਲਾਬ ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਪਹੁੰਚੇ। ਉਨ੍ਹਾਂ ਇੱਥੇ ਦੱਸਿਆ ਕਿ ਇਕੱਲੇ ਜ਼ਿਲ੍ਹਾ ਲੁਧਿਆਣਾ ਤੋਂ ਹੀ 203 ਰੇਲਾਂ ਵੱਖ-ਵੱਖ ਸੂਬਿਆਂ ਲਈ ਭੇਜੀਆਂ ਜਾ ਚੁੱਕੀਆਂ ਹਨ, ਜਦਕਿ ਚਾਰ ਰੇਲਾਂ ਅੱਜ ਉੱਤਰ ਪ੍ਰਦੇਸ਼, ਬਿਹਾਰ ਅਤੇ ਉੱਤਰ ਪੂਰਬੀ ਰਾਜਾਂ ਨੂੰ ਜਾ ਰਹੀਆਂ ਹਨ। ਅੱਜ ਇਨ੍ਹਾਂ ਸਾਰੀਆਂ ਰੇਲਾਂ ਵਿੱਚ ਪ੍ਰਤੀ ਰੇਲ 1600 ਯਾਤਰੀ ਭੇਜੇ ਜਾ ਰਹੇ ਹਨ। ਉਨ੍ਹਾਂ ਜਾਣ ਵਾਲੇ ਸਾਰੇ ਪਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੂਬਿਆਂ ਨੂੰ ਜਾਣ ਤੋਂ ਉਪਰੰਤ ਵਾਪਸ ਪੰਜਾਬ ਆ ਜਾਣ ਅਤੇ ਕੰਮਾਂ ਨਾਲ ਮੁੜ ਤੋਂ ਜੁੜ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਖਾਸ ਕਰਕੇ ਲੁਧਿਆਣਾ ਦੀ ਆਰਥਿਕ ਗਤੀ ਪਰਵਾਸੀ ਮਜ਼ਦੂਰਾਂ ਕਰਕੇ ਹੀ ਚੱਲਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੇਲਾਂ ਰਾਹੀਂ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਤੋਂ ਸਾਢੇ 3 ਲੱਖ ਤੋਂ ਵਧੇਰੇ ਪਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ ਲਈ ਭੇਜਿਆ ਜਾ ਚੁੱਕਾ ਹੈ। ਪਰਵਾਸੀਆਂ ਨੂੰ ਲਿਜਾਣ ਲਈ ਪਹਿਲੀ ਰੇਲ 5 ਮਈ ਨੂੰ ਲੁਧਿਆਣਾ ਤੋਂ ਰਵਾਨਾ ਹੋਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਤੋਂ 8.5 ਲੱਖ ਤੋਂ ਵਧੇਰੇ ਪਰਵਾਸੀ ਲੋਕਾਂ ਵੱਲੋਂ ਆਪਣੇ ਸੂਬੇ ਨੂੰ ਜਾਣ ਲਈ ਆਨਲਾਈਨ ਅਪਲਾਈ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਪ੍ਰਵਾਸੀਆਂ ਦਾ ਰੇਲ ਕਿਰਾਇਆ, ਭੋਜਨ, ਪਾਣੀ, ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਦਾ ਸਾਰਾ ਖਰਚਾ ਉਠਾਇਆ ਜਾ ਰਿਹਾ ਹੈ। ਹਰੇਕ ਯਾਤਰੀ ਦੀ ਸਕਰੀਨਿੰਗ ਕਰਨ ਉਪਰੰਤ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।