ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਜੁਲਾਈ
ਨੇੜਲੇ ਪਿੰਡ ਪੋਨਾ ਵਿੱਚ ਮਹੀਨਾ ਪਹਿਲਾਂ ਸਰਕਾਰੀ ਪਾਣੀ ਵਾਲੀ ਟੈਂਕੀ ਦਾ ਬੋਰ ਖਰਾਬ ਹੋ ਗਿਆ ਸੀ, ਜਿਸ ਕਰਕੇ ਪਿੰਡ ਵਾਸੀ ਕਹਿਰ ਦੀ ਗਰਮੀ ’ਚ ਪਾਣੀ ਨੂੰ ਤਰਸਦੇ ਰਹੇ। ਇਸ ਸਮੱਸਿਆ ਦਾ ਪਤਾ ਲੱਗਣ ’ਤੇ ਇਕ ਪਰਵਾਸੀ ਪੰਜਾਬੀ ਮਾਲੀ ਮਦਦ ਲਈ ਅੱਗੇ ਆਇਆ। ਪਿੰਡ ਵਾਸੀ ਸ਼ਿਵ ਕੁਮਾਰ ਪੋਨਾ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਐੱਨਆਰਆਈ ਪੰਡਿਤ ਓਮ ਪ੍ਰਕਾਸ਼ ਯੂਐੱਸਏ ਨੇ ਆਪਣੇ ਪਿਤਾ ਪੰਡਿਤ ਹਰੀ ਕ੍ਰਿਸ਼ਨ ਅਤੇ ਮਾਤਾ ਸੱਤਿਆ ਦੇਵੀ ਦੀ ਯਾਦ ’ਚ 96,000 ਰੁਪਏ ਨਵਾਂ ਬੋਰ ਕਰਨ ਲਈ ਪਿੰਡ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਸਮਾਜ ਸੇਵੀ ਜਸਵੀਰ ਸਿੰਘ ਜੱਸੂ ਪੋਨਾ ਨੂੰ ਭੇਜੇ। ਇਸ ਤੋਂ ਪਹਿਲਾਂ ਪੰਡਿਤ ਓਮ ਪ੍ਰਕਾਸ਼ ਨੇ ਕਿਸਾਨੀ ਸੰਘਰਸ਼ ਲਈ ਇੱਕ ਲੱਖ ਰੁਪਏ ਦੀ ਪਿੰਡ ਵਾਸੀਆਂ ਲਈ ਡੀਜ਼ਲ ਦੀ ਸੇਵਾ ਕੀਤੀ ਸੀ। ਬੋਰ ਨੂੰ ਚਾਲੂ ਕਰਨ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਮੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।