ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਜੂਨ
ਗੰਦਗੀ ਨਾਲ ਭਰੀਆਂ ਅਤੇ ਵਰ੍ਹਿਆਂ ਤੋਂ ਸਫ਼ਾਈ ਨੂੰ ਤਰਸ ਰਹੀਆਂ ਡਰੇਨਾਂ (ਸੇਮ ਨਾਲੇ) ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਅਗਾਊਂ ਪ੍ਰਬੰਧਾਂ ’ਤੇ ਵੱਡਾ ਪ੍ਰਸ਼ਨਚਿੰਨ੍ਹ ਲਗਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਬਾਰਿਸ਼ਾਂ ਸ਼ੁਰੂ ਹੋਣ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਹੀ ਹੜ੍ਹ ਰੋਕੂ ਸੈੱਲ ਬਣਾ ਦਿੱਤੇ ਜਾਂਦੇ ਹਨ। ਹੜ੍ਹ ਰੋਕੂ ਸੈੱਲ ਬਣਾਉਣ ਦਾ ਮਕਸਦ ਹੜ੍ਹ ਆਉਣ ਦੀ ਸਥਿਤੀ ਨੂੰ ਟਾਲਣਾ ਅਤੇ ਲੋਕਾਂ ਨੂੰ ਬਚਾਉਣਾ ਤੇ ਹੜ੍ਹਾਂ ਨੂੰ ਰੋਕਣ ਸਬੰਧੀ ਅਗਾਊਂ ਪ੍ਰਬੰਧ ਕਰਨਾ ਹੁੰਦਾ ਹੈ। ਇਸ ਸੈੱਲ ’ਚ ਸਰਕਾਰ ਵੱਲੋਂ ਪ੍ਰਸ਼ਾਸਨ ਨਾਲ ਸਬੰਧਤ ਕਈ ਅਦਾਰਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਤੇ ਹਰੇਕ ਵਰ੍ਹੇ ਚੋਖਾ ਪੈਸਾ ਵੀ ਖਰਚ ਕੀਤਾ ਜਾਂਦਾ ਹੈ ਪ੍ਰੰਤੂ ਤ੍ਰਾਸਦੀ ਇਹ ਹੈ ਕਿ ਇਸ ਸੈੱਲ ਵੱਲੋਂ ਨਾ ਤਾਂ ਕਦੇ ਡਰੇਨਾਂ ਦੀ ਸਫ਼ਾਈ ਲਈ ਸਬੰਧਤ ਵਿਭਾਗ ਨਾਲ ਰਾਬਤਾ ਕੀਤਾ ਜਾਂਦਾ ਹੈ ਤੇ ਨਾ ਹੀ ਖ਼ੁਦ ਡਰੇਨ ਵਿਭਾਗ ਕਦੇ ਮੌਕੇ ’ਤੇ ਗੇੜਾ ਮਾਰਦਾ ਹੈ। ਜੱਸੋਵਾਲ, ਲੋਪੋਂ ਦੋ ਡਰੇਨਾਂ ਅਜਿਹੀਆਂ ਹਨ ਜੋ ਇਸ ਹਲਕੇ ਦੇ ਦੋ ਦਰਜਨ ਪਿੰਡਾਂ ਵਿੱਚੋਂ ਲੰਘਦੀਆਂ ਹਨ। ਮੌਜੂਦਾ ਹਾਲਾਤ ਇਹ ਹਨ ਕਿ ਜਗਰਾਉਂ ਵਾਲੀ ਡਰੇਨ ’ਤੇ ਝੁੱਗੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕਰ ਕੇ ਕਬਾੜ ਤੇ ਮੀਟ ਆਦਿ ਦੀਆਂ ਦੁਕਾਨਾਂ ਬਣਾਈਆਂ ਹੋਈਆਂ ਹਨ। ਦੂਸਰੇ ਪਾਸੇ ਭੰਮੀਪੁਰਾ ਤੇ ਦੇਹੜਕਾ ਆਦਿ ਪਿੰਡਾਂ ’ਚ ਸੇਮ ਨਾਲੇ ਵਿੱਚ ਗਾਜਰ ਬੂਟੀ ਤੇ ਹੋਰ ਜੰਗਲੀ ਬੂਟੀਆਂ ਨੇ ਪੈਰ ਪਸਾਰ ਲਏ ਹਨ। ਪਿਛਲੇ ਸਾਲ ਲੋਕਾਂ ਦੇ ਰੌਲਾ ਪਾਉਣ ਮਗਰੋਂ ਇਸ ਡਰੇਨ ਦੀ ਸ਼ਫਾਈ ਦਾ ਕੰਮ ਆਰੰਭ ਹੋਇਆ ਸੀ ਜੋ ਖਾਨਾਪੂਰਤੀ ਤੱਕ ਹੀ ਸੀਮਿਤ ਰਿਹਾ ਤੇ ਗੰਦਗੀ ਪਹਿਲਾਂ ਨਾਲੋਂ ਵੀ ਵਧ ਗਈ। ਇਸ ਗੰਦਗੀ ਕਾਰਨ ਆਲੇ- ਦੁਆਲੇ ਵੱਸਦੇ ਲੋਕਾਂ ’ਚ ਚਮੜੀ ਰੋਗ ਫੈਲਣ ਦੀਆਂ ਖ਼ਬਰਾਂ ਵੀ ਹਨ। ਪਿੰਡ ਮਲਕ ਦੇ ਵਸਨੀਕ ਭੁਪਿੰਦਰ ਸਿੰਘ ਭਿੰਦਾ ਨੇ ਪ੍ਰਸ਼ਾਸਨ ਤੋਂ ਬਾਰਿਸ਼ਾਂ ਤੋਂ ਪਹਿਲਾਂ ਡਰੇਨ ਪਟੜੀਆਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਡਰੇਨਾਂ ਦੀ ਮੁਕੰਮਲ ਸਫਾਈ ਕਰਵਾਉਣ ਦੀ ਮੰਗ ਕੀਤੀ ਹੈ।
ਐੱਸਡੀਐੱਮ ਵੱਲੋਂ ਸਮੱਸਿਆ ਜਲਦੀ ਹੱਲ ਦਾ ਭਰੋਸਾ
ਉਪ ਮੰਡਲ ਮੈਜਿਸਟਰੇਟ ਨਰਿੰਦਰ ਸਿੰਘ ਧਾਲੀਵਾਲ ਨੇ ਇਸ ਸਬੰਧੀ ਆਖਿਆ ਕਿ ਉਹ ਅਜੇ ਦੋ ਦਿਨ ਪਹਿਲਾਂ ਹੀ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਤਿ ਜ਼ਰੂਰੀ ਮਾਮਲਿਆਂ ਦੀ ਉਹ ਖ਼ੁਦ ਜਾਂਚ ਕਰਨਗੇ ਅਤੇ ਸਬੰਧਤ ਵਿਭਾਗ ਨਾਲ ਗੱਲ ਕਰਨਗੇ।