ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਅਗਸਤ
ਨਗਰ ਨਿਗਮ ਹੱਦ ’ਚ ਨਾਜਾਇਜ਼ ਕਲੋਨੀਆਂ ਤੇ ਨਾਜਾਇਜ਼ ਇਮਾਰਤਾਂ ਬਣਨ ਦਾ ਮਾਮਲਾ ਅਕਸਰ ਜਨਰਲ ਹਾਊਸ ਦੀ ਮੀਟਿੰਗ ’ਚ ਗੂੰਜਦਾ ਹੈ। ਹੁਣ ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਕੋਲ ਪੁੱਜਣ ਤੋਂ ਬਾਅਦ ਵਿਜੀਲੈਂਸ ਨੇ ਨਗਰ ਨਿਗਮ ਕੋਲੋਂ 300 ਨਾਜਾਇਜ਼ ਕਲੋਨੀਆਂ ਦਾ ਰਿਕਾਰਡ ਮੰਗ ਲਿਆ ਹੈ। ਇਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਜਾਰੀ ਕਰਦੇ ਹੋਏ ਜ਼ੋਨ-ਸੀ ਦੇ ਇਲਾਕੇ ’ਚ ਜੋ ਕਲੋਨੀਆਂ ਗਲਾਡਾ ਨੂੰ ਤਬਦੀਲ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਸੂਚੀ ਤੇ ਨਿਗਮ ਦੀ ਹੱਦ ’ਚ ਆਉਂਦੀਆਂ ਸਾਰੀਆਂ ਨਾਜਾਇਜ਼ ਕਲੋਨੀਆਂ ਸੰਬੰਧੀ ਕੀਤੀ ਗਈ ਕਾਰਵਾਈ ਦੇ ਬਾਰੇ ’ਚ ਰਿਪੋਰਟ ਸਣੇ ਰਿਕਾਰਡ ਜਲਦੀ ਭੇਜਣ ਲਈ ਲਿਖਿਆ ਗਿਆ ਹੈ। ਇਸ ਤੋਂ ਬਾਅਦ ਹੁਣ ਬਿਲਡਿੰਗ ਬਰਾਂਚ ਵਿੱਚ ਭਾਜੜਾਂ ਪੈ ਗਈਆਂ ਹਨ।
ਪਹਿਲਾਂ ਵੀ ਅਜਿਹੇ ਮਾਮਲੇ ਆ ਚੁੱਕੇ ਹਨ ਸਾਹਮਣੇ
ਇਸ ਤੋਂ ਪਹਿਲਾਂ ਵੀ ਨਗਰ ਨਿਗਮ ਦੇ ਹੀ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਨੇ ਪਾਵਰਕੌਮ ਦੇ ਡਾਟੇ ਅਨੁਸਾਰ ਪਿਛਲੇਂ 5 ਸਾਲ ਦੇ ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਪਾਸ ਕੀਤੇ ਗਏ ਨਕਸ਼ਿਆਂ ਦਾ ਡੇਟਾ ਮਿਲਿਆ ਤਾਂ ਪਤਾ ਲੱਗਿਆ ਕਿ ਸ਼ਹਿਰ ’ਚ 57 ਹਜ਼ਾਰ ਤੋਂ ਜ਼ਿਆਦਾ ਨਾਜਾਇਜ਼ ਉਸਾਰੀਆਂ ਹੋ ਚੁੱਕੀਆਂ ਹਨ। ਇਸ ਖੁਲਾਸੇ ਤੋਂ ਬਾਅਦ ਤੱਤਕਾਲੀਨ ਨਿਗਮ ਕਮਿਸ਼ਨਰ ਨੇ ਸ਼ੌਕਾਜ਼ ਨੋਟਿਸ ਜਾਰੀ ਤਾਂ ਕੀਤੇ, ਪਰ ਕੋਈ ਐਕਸ਼ਨ ਨਹੀਂ ਹੋਇਆ। ਹਾਲਾਂਕਿ ਇਹ ਮਾਮਲਾ ਲੋਕਲ ਬਾਡੀਜ਼ ਵਿਭਾਗ ਦੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਕੋਲ ਪੁੱਜ ਚੁੱਕਿਆ ਹੈ, ਜਿਨ੍ਹਾਂ ਵੱਲੋਂ ਇਸ ਫਾਈਲ ਨੂੰ ਦੁਬਾਰਾ ਖੋਲ੍ਹਣ ਦੀ ਗੱਲ ਕਹੀ ਗਈ ਹੈ। ਨਿਗਮ ਵੱਲੋਂ ਹਾਲ ਹੀ ’ਚ ਹੰਬੜਾ ਰੋਡ ’ਤੇ ਸਰਵੇਖਣ ਕਰਵਾਇਆ ਗਿਆ ਸੀ, ਜਿਸ ’ਚ ਸਾਹਮਣੇ ਆਇਆ ਸੀ ਕਿ 11 ਨਾਜਾਇਜ਼ ਇਮਾਰਤਾਂ ਇੱਥੇ ਬਣ ਚੁੱਕੀਆਂ ਹਨ। ਇਨ੍ਹਾਂ ਇਮਾਰਤਾਂ ’ਤੇ ਐਕਸ਼ਨ ਲੈਣ ਦੀ ਥਾਂ ਫਾਈਲਾਂ ਨੂੰ ਅੰਦਰਖਾਤੇ ਹੀ ਦਬਾ ਦਿੱਤਾ ਗਿਆ ਹੈ।