ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਮਈ
ਇੱਥੇ ਨੌਘਰਾਂ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਦੇ ਸੁੰਦਰੀਕਰਨ ’ਚ ਨਗਰ ਨਿਗਮ ਦੀ ਲੇਟ-ਲਤੀਫ਼ੀ ਦੇ ਵਿਰੋਧ ’ਚ ਲੜੀਵਾਰ ਭੁੱਖ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਸੱਦੇ ’ਤੇ ਵੀਰਵਾਰ ਨੂੰ ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਤੇ ਪ੍ਰਧਾਨ ਅਸ਼ੋਕ ਥਾਪਰ, ਤ੍ਰਿਭੁਵਨ ਥਾਪਰ, ਵਿਪਨ ਥਾਪਰ, ਰਾਜਾ ਗਰੋਵਾਲ ਤੇ ਰਾਕੇਸ਼, ਬੁੱਧੀ ਰਾਜਾ ਨੇ ਸ਼ਹੀਦ ਸੁਖਦੇਵ ਦੇ ਬੁੱਤ ਦੀ ਪੂਜਾ ਕਰ ਕੇ ਲੜੀਵਾਰ ਭੁੱਖ ਹੜਤਾਲ ਕੀਤੀ।
ਇਸ ਮੌਕੇ ਈਡੀ ਦੇ ਸਾਬਕਾ ਡਾਇਰੈਕਟਰ ਨਿਰੰਜਣ ਸਿੰਘ, ਨਿੱਟਵੀਅਰ ਕਲੱਬ ਤੋਂ ਵਿਨੋਦ ਥਾਪਰ, ਦਿਨੇਸ਼ ਬਜਾਜ, ਸ਼੍ਰੀ ਰਾਮ ਲੀਲਾ ਕਮੇਟੀ ਤੋਂ ਪੱਪੀ ਸਲੂਜਾ, ਪੰਕਜ ਭਨੋਟ, ਮਲਟੀਪਰਪਸ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਭੱਟੀ, ਮੁਕੇਰੀਆਂ ਤੋਂ ਪਵਨ ਕੁਮਾਰ, ਦਿਨੇਸ਼ ਬਜਾਜ, ਪੰਡਿਤ ਬਲਵੀਰ ਸੈਨ ਮਿਸ਼ਰਾ ਭੁੱਖ ਹੜਤਾਲ ’ਤੇ ਮੌਜੂਦ ਸਨ। ਅਸ਼ੋਕ ਥਾਪਰ ਨੇ ਸ਼ਹੀਦ ਸੁਖਦੇਵ ਥਾਪਰ ਦੇ ਨਾਲ 7 ਦਹਾਕਿਆਂ ਬਾਅਦ ਵੀ ਮਤਰੇਆ ਸਲੂਕ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਦਫ਼ਤਰਾਂ ’ਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਵਾ ਕੇ ਉਨ੍ਹਾਂ ਦੇ ਜਨਮ ਸਥਾਨ ’ਤੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਹਨ ਤੇ ਖੁਦ ਨੂੰ ਦੇਸ਼ ਭਗਤ ਕਰਾਰ ਦੇ ਰਹੇ ਹਨ। ਉੱਧਰ ਦੂਸਰੇ ਪਾਸੇ ਅੱਜ ਲੁਧਿਆਣਾ ਦੌਰੇ ਦੌਰਾਨ ਸ਼ਹੀਦ ਭਗਤ ਸਿੰਘ ਦੇ ਨਾਲ ਸ਼ਹਾਦਤ ਦੇਣ ਵਾਲੇ ਸ਼ਹੀਦ ਸੁਖਦੇਵ ਥਾਪਰ ਦੀ ਸਥਾਨਕ ਨੌਘਰਾ ਸਥਿਤ ਜਨਮ ਭੂਮੀ ਤੇ ਜ਼ੱਦੀ ਘਰ ’ਤੇ ਉਨ੍ਹਾਂ ਦਾ ਨਤਮਸਤਕ ਨਾ ਹੋਣਾ ਅਤੇ ਸਮਾਗਮ ਦੌਰਾਨ ਸ਼ਹੀਦ ਦਾ ਨਾਮ ਤੱਕ ਨਾ ਲੈਣਾ, ਇਹ ਸਾਬਤ ਕਰਦਾ ਹੈ ਕਿ ਉਹ ਵੀ ਪਿਛਲੀਆਂ ਸਰਕਾਰਾਂ ਵਾਂਗ ਖਾਸ ਵਰਗ ਨੂੰ ਖੁਸ਼ ਕਰਨ ਲਈ ਕੰਮ ਕਰ ਰਹੇ ਹਨ। ਦੂਸਰੇ ਦਿਨ ਦੀ ਭੁੱਖ ਹੜਤਾਲ ਨੂੰ ਸਮਰਥਨ ਦੇਣ ਪੁੱਜੇ ਈਡੀ ਦੇ ਸਾਬਕਾ ਡਾਇਰੈਕਟਰ ਨਿਰੰਜਣ ਸਿੰਘ ਤੇ ਨਿਟਵੀਅਰ ਕਲੱਬ ਦੇ ਵਿਨੋਦ ਥਾਪਰ ਨੇ ਜਨਮ ਸਥਾਨ ਨੂੰ ਚੌੜਾ ਬਾਜ਼ਾਰ ਤੋਂ ਸਿੱਧਾ ਰਸਤਾ ਦੇਣ ’ਚ ਸਰਕਾਰੀ ਪੱਧਰ ’ਤੇ ਕਰੀਬ 40 ਵਰਗ ਜ਼ਮੀਨ ਐਕੁਆਇਰ ਕਰਨ ’ਚ ਕੀਤੀ ਜਾ ਰਹੀ ਦੇਰੀ ਨੂੰ ਜਲਦ ਦੂਰ ਕਰਨ ਲਈ ਕਿਹਾ। ਇਸ ਮੌਕੇ ਵਿਜੈ ਬਜਾਜ, ਆਸ਼ੀਸ਼ ਬੌਨੀ, ਚੇਤਨ ਮਲਹੋਤਰਾ, ਚਮਨ ਲਾਲ ਪੱਪੀ, ਅਸ਼ੋਕ ਸੂਦ, ਕਵਿੰਦਰ ਬਜਾਜ ਤੇ ਰਾਕੇਸ਼ ਗਰਗ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਭੁੱਖ ਹੜਤਾਲ ਸਥਾਨ ’ਤੇ ਪੁੱਜ ਕੇ ਸਮਰਥਨ ਦਿੱਤਾ।