ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਮਈ
ਸ਼ਹਿਰ ਦੇ ਨੌਘਰਾ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਦੇ ਸੁੰਦਰੀਕਰਨ ਦੇ ਕੰਮ ’ਚ ਦੇਰੀ ਦੇ ਵਿਰੋਧ ’ਚ ਲੜੀਵਾਰ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ। ਅੱਜ ਸ਼ਨਿੱਚਰਵਾਰ ਨੂੰ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਤੇ ਸ਼ਹੀਦ ਦੇ ਵਾਰਸ ਅਸ਼ੋਕ ਥਾਪਰ ਦੀ ਅਗਵਾਈ ’ਚ ਫਰੀਡਮ ਫਾਈਟਰ ਜਥੇਬੰਦੀ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ, ਸਕੱਤਰ ਪਰਮਜੀਤ ਕੌਰ, ਪੁਸ਼ਪਾ ਦੇਵੀ ਤੇ ਰੇਨੂੰ ਮੇਸ਼ੀ ਨੇ ਲੜੀਵਾਰ ਭੁੱਖ ਹੜਤਾਲ ’ਚ ਸ਼ਮੂਲੀਅਤ ਕੀਤੀ।
ਇਸ ਦੌਰਾਨ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਆਦਿੱਤਿਆ, ਅਧਿਕਾਰੀ ਤੀਰਥ ਬਾਂਸਲ, ਐਕਸੀਅਨ ਹਰਕਮਲ ਸਿੰਘ ਨੇ ਸ਼ਹੀਦ ਜਨਮ ਸਥਾਨ ਦੇ ਸੁੰਦਰੀਕਰਨ ਦੇ ਕੰਮ ਦਾ ਜਾਇਜ਼ਾ ਲੈ ਕੇ ਸਬੰਧਤ ਅਧਿਕਾਰੀਆਂ ਤੇ ਠੇਕੇਦਾਰ ਨੂੰ ਸੁੰਦਰੀਕਰਨ ਦੇ ਕੰਮ ਨੂੰ ਜਲਦੀ ਪੂਰਾ ਕਰਨ ਦੇ ਹੁਕਮ ਦਿੱਤੇ।
ਇਸ ਮੌਕੇ ਅਸ਼ੋਕ ਥਾਪਰ ਨੇ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਆਦਿੱਤਿਆ ਵੱਲੋਂ ਕੰਮ ’ਚ ਤੇਜ਼ੀ ਲਿਆਉਣ ਦੇ ਭਰੋਸੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੁੰਦਰੀਕਰਨ ਦੇ ਨਾਲ-ਨਾਲ ਦੂਸਰੇ ਪਾਸੇ ਚੌੜਾ ਬਾਜ਼ਾਰ ਤੋਂ ਜਨਮ ਸਥਾਨ ਨੂੰ ਸਿੱਧਾ ਰਸਤਾ ਦੇਣ ਲਈ ਵੀ ਕੁਲੈਕਟਰ ਨੇ ਆਰਸੀਐੱਫ਼ਟੀ ਇਨ ਲੈਂਡ ਐਕੁਆਇਰ ਆਰ.ਐਂਡ.ਆਰ ਐਕਟ 2013 ਦੇ ਸੈਕਸ਼ਨ 11 ਤਹਿਤ ਸਬੰਧਤ ਜ਼ਮੀਨ ਐਕੁਆਇਰ ਕਰਨ ਲਈ ਪੰਜਾਬ ਸਰਕਾਰ ਨੂੰ ਸਿਫ਼ਾਰਸ਼ ਭੇਜ ਦਿੱਤੀ ਹੈ। ਫਰੀਡਮ ਫਾਈਟਰ ਪਾਰਟੀ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦੇ ਨਾਂ ’ਤੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੁਧਿਆਣਾ ਨਾਲ ਸਬੰਧਤ 13 ਵਿਧਾਇਕਾਂ ’ਚੋਂ ਕਿਸੇ ਨੇ ਵੀ ਹਾਲੇ ਤੱਕ ਸ਼ਹੀਦ ਦੇ ਜਨਮ ਸਥਾਨ ’ਤੇ ਨਤਸਮਤਕ ਹੋਣਾ ਜ਼ਰੂਰੀ ਨਹੀਂ ਸਮਝਿਆ। ਇਸ ਮੌਕੇ ਰਾਕੇਸ਼ ਬ੍ਰਿਧੀਰਾਜ, ਨਿਰਮਲ ਸਿੰਘ ਪਾਂਡੇ, ਪ੍ਰਮੋਦ ਥਾਪਰ, ਵਿਪਨ ਥਾਪਰ, ਅਨਿਲ ਕੁਮਾਰ ਗਰੋਵਰ, ਰਾਜ ਕੁਮਾਰ ਟੰਡਨ, ਗੋਪਾਲ ਭਾਰਦਵਾਜ, ਰਮੇਸ਼ ਅਰੋੜਾ, ਕਾਲਾ, ਹਰੀਸ਼ ਗਰੋਵਰ, ਪੰਡਿਤ ਰੋਸ਼ਨ ਸ਼ਰਮਾ, ਅਜੈ ਜਿੰਦਲ, ਅਮਰਜੀਤ ਸਿੰਘ ਭੱਟੀ, ਸਮੀਰ ਰਾਠੌਰ, ਬੰਟੀ ਪਠਾਨੀਆ, ਆਸ਼ੀਸ਼ ਬੋਨੀ, ਸੁਨੀਲ ਠਾਕੁਰ ਤੇ ਕੁਲਵਿੰਦਰ ਬਜਾਜ ਭੁੱਖ ਹੜਤਾਲ ਵਿੱਚ ਸ਼ਾਮਲ ਹੋਏ।