ਗੁਰਿੰਦਰ ਸਿੰਘ
ਲੁਧਿਆਣਾ, 31 ਜੁਲਾਈ
ਇਥੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਸੁਨਾਮ ਉਰਫ ਰਾਮ ਮੁਹੰਮਦ ਸਿੰਘ ਅਜ਼ਾਦ ਦੇ ਸ਼ਹੀਦੀ ਦਿਵਸ ਮੌਕੇ ਕੀਤੇ ਗਏ ਸਮਾਗਮ ਮੌਕੇ ਟਰੇਡ ਯੂਨੀਅਨ ਸੀਟੀਯੂ ਪੰਜਾਬ ਨੂੰ ਉਸ ਸਮੇਂ ਭਾਰੀ ਤਾਕਤ ਮਿਲੀ ਜਦੋਂ ਸੈਂਕੜੇ ਮਜ਼ਦੂਰ ਸਾਥੀ ਸੀਆਈਟੀਯੂ ਨੂੰ ਛੱਡਕੇ ਸੀਟੀਯੂ ਪੰਜਾਬ ਵਿੱਚ ਸ਼ਾਮਲ ਹੋ ਗਏ। ਸਮਾਗਮ ਦੀ ਪ੍ਰਧਾਨਗੀ ਜਗਦੀਸ਼ ਚੰਦ, ਪਵਨ ਕੁਮਾਰ, ਬਲਰਾਮ ਸਿੰਘ, ਸੁਰਦੇਸ਼ਵਰ ਤਿਵਾੜੀ ਅਤੇ ਅਜੀਤ ਕੁਮਾਰ ਨੇ ਸਾਂਝੇ ਤੌਰ ’ਤੇ ਕੀਤੀ ਜਦਕਿ ਸੀਟੀਯੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਵਿਜੇ ਮਿਸ਼ਰਾ ਨੇ ਉਚੇਚੇ ਤੌਰ ਤੇ ਸ਼ਾਮਲ ਹੋਕੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸੀਟੀਯੂ ਪੰਜਾਬ ਵਿੱਚ ਸ਼ਾਮਲ ਹੋਏ ਮਜ਼ਦੂਰ ਸਾਥੀਆ ਦਾ ਸਵਾਗਤ ਕਰਦਿਆਂ ਆਖਿਆ ਕਿ ਸੀਆਈਟੀਯੂ ਦੇ ਸੂਬਾਈ ਜਨਰਲ ਸਕੱਤਰ ਰਘੂਨਾਥ ਸਿੰਘ ਸੀਆਈਟੀਯੂ ਦੇ ਸੰਵਿਧਾਨ ਨੂੰ ਲਾਗੂ ਨਹੀਂ ਕਰ ਰਹੇ ਅਤੇ ਜਥੇਬੰਦੀ ਨੂੰ ਆਪਣੀ ਜੇਬੀ ਜਥੇਬੰਦੀ ਬਣਾ ਕੇ ਰੱਖ ਦਿੱਤਾ ਹੈ ਜਿੱਥੇ ਮਜ਼ਦੂਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਉਨ੍ਹਾਂ 9 ਅਗਸਤ ਦੇ ਦੇਸ਼ ਵਿਆਪੀ ਐਕਸ਼ਨ ਵਿੱਚ ਵੱਧ ਚੜ੍ਹਕੇ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਅਮਰਜੀਤ ਮੱਟੂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੌਹੀ, ਉਘੇ ਬੁੱਧੀਜੀਵੀ ਪ੍ਰੋ. ਜੈਪਾਲ ਸਿੰਘ, ਹੁਕਮ ਰਾਜ ਦੇਹੜਕਾ, ਮਾਸਟਰ ਦਰਸ਼ਨ ਸਿੰਘ ਸਾਇਆ ਨੇ ਵੀ ਸੰਬੋਧਨ ਕੀਤਾ।