ਸਤਵਿੰਦਰ ਬਸਰਾ
ਲੁਧਿਆਣਾ, 5 ਸਤੰਬਰ
ਇਸ ਵਾਰ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ’ਚ ਲੱਗੇ 54 ਅਧਿਆਪਕਾਂ ਅਤੇ 10 ਪ੍ਰਬੰਧਕੀ ਅਧਿਕਾਰੀਆਂ ਨੂੰ ਸੂਬਾ ਪੱਧਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ’ਚੋਂ 5 ਇਨਾਮ ਲੁਧਿਆਣਾ ਜ਼ਿਲ੍ਹੇ ਦੇ ਹਿੱਸੇ ਆਏ ਹਨ। ਇਨ੍ਹਾਂ ਵਿੱਚ 3 ਇਨਾਮ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ’ਚ ਲੱਗੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਮਿਲੇ ਜਦਕਿ ਦੋ ਇਨਾਮ ਡੀਈਓ ਸੈਕੰਡਰੀ ਸਵਰਨਜੀਤ ਕੌਰ ਅਤੇ ਡੀਈਓ ਪ੍ਰਾਇਮਰੀ ਰਾਜਿੰਦਰ ਕੌਰ ਦੇ ਹਿੱਸੇ ਆਏ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਹਰ ਸਾਲ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਨਮਾਨਿਤ ਕੀਤੇ ਇਨ੍ਹਾਂ ਅਧਿਆਪਕਾਂ ’ਚ ਥਰੀਕੇ ਸਕੂਲ ਦੀ ਸਾਇੰਸ ਅਧਿਆਪਕਾ ਰਪਵਿੰਦਰ ਕੌਰ, ਸਿਆੜ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਪਾਲ ਸ਼ਰਮਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਰਗਾੜੀ ਦੀ ਈਟੀਟੀ ਅਧਿਆਪਕਾ ਪਰਵਿੰਦਰ ਕੌਰ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਪਹਿਲੀ ਵਾਰ ਦਿੱਤੇ ਗਏ 10 ਪ੍ਰਬੰਧਕੀ ਸ਼੍ਰੇਣੀ ਦੇ ਸੂਬਾ ਪੱਧਰੀ ਐਵਾਰਡ ’ਚੋਂ 2 ਲੁਧਿਆਣਾ ਦੇ ਹਿੱਸੇ ਆਏ, ਜਿਨ੍ਹਾਂ ’ਚ ਇੱਕ ਸੂਬਾ ਪੱਧਰੀ ਐਵਾਰਡ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਵਰਨਜੀਤ ਕੌਰ ਨੂੰ ਜਦਕਿ ਦੂਜਾ ਸੂਬਾ ਪੱਧਰੀ ਐਵਾਰਡ ਡੀਈਓ ਐਲੀਮੈਂਟਰੀ ਰਾਜਿੰਦਰ ਕੌਰ ਨੂੰ ਦਿੱਤਾ ਗਿਆ। ਇਸ ਵਾਰ ਨੌਜਵਾਨ ਅਧਿਆਪਕ ਸ਼੍ਰੇਣੀ ਵਿੱਚ ਵੀ 10 ਐਵਾਰਡ ਦਿੱਤੇ ਗਏ ਪਰ ਇਸ ਵਿੱਚ ਜ਼ਿਲ੍ਹੇ ਦਾ ਖਾਤਾ ਨਹੀਂ ਖੁੱਲ੍ਹਿਆ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਲੁਧਿਆਣਾ ਦੇ ਕਿਸੇ ਵੀ ਅਧਿਆਪਕ ਨੂੰ ਸੂਬਾ ਪੱਧਰੀ ਐਵਾਰਡ ਨਾ ਮਿਲਣ ’ਤੇ ਕਈ ਸਵਾਲੀਆ ਨਿਸ਼ਾਨ ਵੀ ਲੱਗੇ ਸਨ।
ਲੁਧਿਆਣਾ (ਗੁਰਿੰਦਰ ਸਿੰਘ): ਮਾਡਲ 74 ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਵੱਲੋਂ ਅਧਿਆਪਕ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ ’ਚ ਕੀਤੇ ਸਮਾਗਮ ਦੌਰਾਨ ਤਿੰਨ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਡਾ. ਗਗਨਦੀਪ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੌਰਾਨ ਸੇਵਾਮੁਕਤ ਅਧਿਆਪਕਾਂ ਐੱਚਐੱਸ ਬੇਦੀ ਅਤੇ ਸੰਤੋਸ਼ ਸੂਦ ਤੋਂ ਇਲਾਵਾ ਪ੍ਰਿੰਸੀਪਲ ਤਸਕੀਨ ਦਾ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਪੱਧਰ ’ਤੇ 13 ਅਧਿਆਪਕਾਂ ਦਾ ਸਨਮਾਨ
ਡੀਈਓ ਪ੍ਰਾਇਮਰੀ ਰਾਜਿੰਦਰ ਕੌਰ ਨੇ ਦੱਸਿਆ ਕਿ ਅੱਜ 13 ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪੁਸ਼ਵਿੰਦਰ ਸਿੰਘ, ਗੁਰਭਗਤ ਸਿੰਘ, ਬਰਜਿੰਦਰ ਕੌਰ, ਬਲਜੀਤ ਕੌਰ, ਬਲਜੀਤ ਸਿੰਘ, ਦਲਜੀਤ ਸਿੰਘ, ਸਰਬਜੀਤ ਸਿੰਘ, ਪਿਆਰਾ ਲਾਲ, ਅਨੂ ਗਰਗ, ਹਰਨੀਤ ਕੌਰ, ਸ਼ਿਵਾਨੀ ਸੌਫਤ, ਗੁਰਸ਼ਰਨ ਸਿੰਘ ਅਤੇ ਸੁਖਪਾਲ ਸਿੰਘ ਦੇ ਨਾਂ ਸ਼ਾਮਲ ਹਨ।
ਐਵਾਰਡਾਂ ਸਬੰਧੀ ਨੌਜਵਾਨ ਅਧਿਆਪਕਾਂ ’ਚ ਰੋਸ
ਕਈ ਅਧਿਆਪਕਾਂ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਵਾਰ ਵਧੇਰੇ ਸੂਬਾ ਪੱਧਰੀ ਐਵਾਰਡ ਉਨ੍ਹਾਂ ਅਧਿਆਪਕਾਂ ਨੂੰ ਦਿੱਤੇ ਗਏ, ਜਿਨ੍ਹਾਂ ਦੇ ਸੇਵਾਮੁਕਤੀ ਕਾਲ ਵਿੱਚ ਥੋੜ੍ਹਾ ਸਮਾਂ ਬਾਕੀ ਹੈ। ਇਨ੍ਹਾਂ ਐਵਾਰਡਾਂ ਦੀ ਵੰਡ ਸਮੇਂ ਜ਼ਿਲ੍ਹੇ ਦੇ ਨੌਜਵਾਨ ਅਧਿਆਪਕਾਂ ਨੂੰ ਕਥਿਤ ਤੌਰ ’ਤੇ ਅਣਗੌਲਿਆ ਕੀਤਾ ਗਿਆ ਹੈ।