ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਅਗਸਤ
‘ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਨਗਰੀ ਮਾਛੀਵਾੜਾ ਦੇ ਵਿਕਾਸ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੇ ਇੱਕ ਵੱਡਾ ਇਤਿਹਾਸਕ ਐਲਾਨ ਕਰਦੇ ਹੋਏ ਇੱਥੇ ਇੰਪਰੂਵਮੈਂਟ ਟਰੱਸਟ ਦਾ ਗਠਨ ਕਰ ਦਿੱਤਾ ਹੈ ਜਿਸ ਨਾਲ ਵਿਕਾਸ ਕਾਰਜ਼ਾਂ ’ਚ ਹੋਰ ਤੇਜ਼ੀ ਆਵੇਗੀ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਅੱਜ ਨਵ-ਨਿਯੁਕਤ ਚੇਅਰਮੈਨ ਸ਼ਕਤੀ ਆਨੰਦ ਅਤੇ ਨਾਮਜ਼ਦ ਮੈਂਬਰਾਂ ਦਾ ਸਵਾਗਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਹਨ ਕਿ ਇਤਿਹਾਸਕ ਸ਼ਹਿਰਾਂ ਦੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਜਾਵੇ ਅਤੇ ਸੰਗਤਾਂ ਦੀ ਮੰਗ ਅਨੁਸਾਰ ਜੰਗੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾਣ ਅਤੇ ਹੁਣ ਨਗਰ ਕੌਂਸਲ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਨੂੰ ਵੀ ਵਿਸ਼ੇਸ਼ ਗ੍ਰਾਂਟਾ ਆਉਣਗੀਆਂ। ਉਨ੍ਹਾਂ ਕਿਹਾ ਕਿ ਜਲਦ ਹੀ ਸਰਕਾਰ ਦੇ ਨਿਰਦੇਸ਼ਾਂ ਤਹਿਤ ਇੰਮਪਰੂਵਮੈਂਟ ਟਰੱਸਟ ਦਾ ਨਵਾਂ ਦਫ਼ਤਰ, ਸਰਕਾਰੀ ਸਟਾਫ਼ ਮੁਹੱਈਆ ਕਰਵਾ ਦਿੱਤਾ ਜਾਵੇਗਾ ਅਤੇ ਨਵ-ਨਿਯੁਕਤ ਚੇਅਰਮੈਨ ਸ਼ਕਤੀ ਆਨੰਦ ਆਪਣੇ ਮੈਂਬਰਾਂ ਦੀ ਟੀਮ ਨਾਲ ਵਿਕਾਸ ਦੀਆਂ ਨਵੀਆਂ ਤਜਵੀਜ਼ਾਂ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਚੇਅਰਮੈਨ ਤੇ ਉਨ੍ਹਾਂ ਦੀ ਟੀਮ ਇਤਿਹਾਸਕ ਸ਼ਹਿਰ ਦੇ ਵਿਕਾਸ ਲਈ ਜੋ ਤਜਵੀਜ਼ਾਂ ਲਿਆਉਣਗੇ ਕਾਂਗਰਸ ਸਰਕਾਰ ਤੁਰੰਤ ਗ੍ਰਾਂਟਾ ਮੁਹੱਈਆ ਕਰਵਾਏਗੀ।