ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੁਲਾਈ
ਹੀਰੋ ਸਟੀਲਜ਼ ਨੇ ਹੀਰੋ ਗਰੁੱਪ ਦੇ ਡਾ. ਬ੍ਰਿਜਮੋਹਨ ਲਾਲ ਮੁੰਜਾਲ ਦੇ 100ਵੇਂ ਜਨਮ ਦਿਨ ਮੌਕੇ ਡੀਐਮਸੀਐਚ ਦੇ ਇਮਯੂਨੋਹੀਮੈਟੋਲੋਜੀ ਅਤੇ ਬਲੱਡ ਟ੍ਰਾਂਸਫਿਊਜ਼ਨ ਵਿਭਾਗ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਲਗਭਗ 80 ਯੂਨਿਟ ਖੂਨ ਇਕੱਤਰ ਕੀਤਾ ਗਿਆ।
ਡੀਐਮਸੀ ਅਤੇ ਹਸਪਤਾਲ ਦੀ ਪ੍ਰਬੰਧਕੀ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਟੀਮ ਅਤੇ ਦਾਨੀਆਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਸੰਦੀਪ ਪੁਰੀ ਨੇ ਕਿਹਾ ਕਿ ਇਹ ਸਮਾਜ ਦੀ ਸੇਵਾ ਦਾ ਇੱਕ ਚੰਗਾ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਨਿਰਸਵਾਰਥ ਅਤੇ ਮਨੁੱਖਤਾਵਾਦੀ ਕਾਰਜ ਹੋਰਨਾਂ ਨੂੰ ਵੀ ਪ੍ਰੇਰਿਤ ਕਰਦੇ ਹਨ। ਦਾਨ ਕੀਤੀ ਖੂਨ ਦੀ ਇੱਕ-ਇੱਕ ਬੂੰਦ ਅਗੋਂ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਸਹਾਈ ਹੋਵੇਗੀ ਜਿਸ ਦੀ ਕੋਈ ਵੀ ਕੀਮਤ ਨਹੀਂ ਪਾਈ ਜਾ ਸਕਦੀ। ਪ੍ਰੋ. ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਲੋਕਾਂ ਨੂੰ ਸਮੇਂ ਸਮੇਂ ’ਤੇ ਖੂਨ ਦਾਨ ਕਰਦੇ ਰਹਿਣ ਲਈ ਪ੍ਰੇਰਿਤ ਕਰਦਾ ਹੈ ਕਿਉਂਕਿ ਟ੍ਰਾਂਸਫਿਊਜ਼ਨ ਨਿਰਭਰ ਮਰੀਜ਼ਾਂ ਲਈ ਜੀਵਨ ਦੀ ਗੁਣਵੱਤਾ ਨੂੰ ਬਦਲਣ ਅਤੇ ਸੁਰੱਖਿਅਤ ਖੂਨ ਦੀ ਸਪਲਾਈ ਬਣਾਉਣ ਵਿੱਚ ਇਹ ਦਾਨ ਮਦਦਗਾਰ ਹੈ।