ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਦਸੰਬਰ
ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸੱਦੀ ਗਈ ਸੂਬਾ ਪੱਧਰੀ ਮੀਟਿੰਗ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਕਮੇਟੀਆਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਕਟਾਰੀਆ ਕੁਲਵਿੰਦਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਜਥੇਬੰਦੀ ਦੁਆਰਾ ਹੁਣ ਤਕ ਕੀਤੇ ਸੰਘਰਸ਼ਾਂ ਅਤੇ ਵੱਖ-ਵੱਖ ਮੀਟਿੰਗਾਂ ਦੁਆਰਾ ਸਰਕਾਰ ਨਾਲ ਹੋਈ ਹੁਣ ਤਕ ਦੀ ਗੱਲਬਾਤ ਦਾ ਵਿਸ਼ਲੇਸ਼ਣ ਕੀਤਾ ਗਿਆ। ਵਿਸ਼ਲੇਸ਼ਣ ਮਗਰੋਂ ਹੁਣ ਤਕ ਦੀਆਂ ਕਾਰਵਾਈਆਂ ਨੂੰ ਸਾਰਥਕ ਮੰਨਦਿਆਂ ਇਹ ਆਸ ਪ੍ਰਗਟਾਈ ਗਈ ਕਿ ਸਰਕਾਰ ਨਾਲ ਚੱਲ ਰਹੀ ਗੱਲਬਾਤ ਤੋਂ ਸਾਰਥਕ ਸਿੱਟੇ ਨਿਕਲਣ ਦੀ ਪੂਰੀ ਉਮੀਦ ਹੈ। ਜੇ ਸਰਕਾਰ ਨੇ ਪੀਈਐੱਸ ਕਾਡਰ ਦੇ ਅਧਿਕਾਰੀਆਂ ਨੂੰ ਮੰਗਾਂ ਮੰਨੇ ਜਾਣ ਦੇ ਦਿੱਤੇ ਭਰੋਸੇ ਨੂੰ ਤੋੜਿਆ ਤਾਂ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾ ਪੱਧਰੀ ਗੁਪਤ ਐਕਸ਼ਨ ਕੀਤਾ ਜਾਵੇਗਾ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਗਜਟਿਡ ਅਫ਼ਸਰਾਂ ਨੂੰ ਸੜਕਾਂ ’ਤੇ ਨਿਕਲਣ ਲਈ ਮਜਬੂਰ ਕੀਤਾ ਹੈ। ਹੈੱਡਮਾਸਟਰ ਕਾਡਰ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਦੁਆਰਾ ਅਣਗੌਲਿਆ ਕੀਤੇ ਜਾਣ ਦਾ ਖਮਿਆਜ਼ਾ ਵਿੱਤੀ ਘਾਟੇ ਵਜੋਂ ਭੁਗਤ ਰਿਹਾ ਹੈ। ਉਨ੍ਹਾਂ ਹੈੱਡਮਾਸਟਰਾਂ ਦੀਆਂ ਮੁੱਖ ਪ੍ਰੋਬੇਸ਼ਨ ਪੀਰੀਅਡ ਇੱਕ ਸਾਲ ਕਰਨ, ਪ੍ਰਮੋਸ਼ਨ ਕੋਟੇ ਵਿੱਚ ਲੋੜੀਂਦਾ ਵਾਧਾ ਕਰਨ ਅਤੇ ਡਬਲ-ਟ੍ਰਿਪਲ ਚਾਰਜ ਨੂੰ ਤੁਰੰਤ ਖਤਮ ਕਰ ਕੇ ਹੈੱਡਮਾਸਟਰਜ਼ ਕਾਡਰ ਨੂੰ ਬਣਦੇ ਹੱਕ ਦੇਣ ਦੀ ਮੰਗ ਕੀਤੀ।