ਪੱਤਰ ਪ੍ਰੇਰਕ
ਜਗਰਾਉਂ, 14 ਮਈ
ਪਿੰਡ ਕਮਾਲਪੁਰਾ ਤੋਂ ਦੇਹੜਕਾ ਤੱਕ ਬਣਨ ਵਾਲੀ ਸੜਕ ਵਿੱਚ ਕਮਾਲਪੁਰਾ ਤੋਂ ਭੰਮੀਪੁਰ ਕਲਾਂ ਤੱਕ ਇਹ 18 ਫੁੱਟ ਚੌੜੀ ਬਣਨ ਵਾਲੀ ਸੜਕ ਲਗਭਗ ਤਿਆਰ ਹੋ ਚੁੱਕੀ ਹੈ ਪਰ ਭੰਮੀਪੁਰ ਕਲਾਂ ਤੋਂ ਦੇਹੜਕਾ ਤੱਕ ਕੰਮ ਰੁਕ ਗਿਆ ਹੈ। ਇਸ 5 ਕਿਲੋਮੀਟਰ ਲੰਬੀ ਸੜਕ ’ਤੇ ਠੇਕੇਦਾਰ ਨੇ ਪੱਥਰ ਤਾਂ ਪਾ ਦਿੱਤਾ ਹੈ ਪਰ ਪ੍ਰੀਮਿਕਸ ਪਵਾਉਣ ਲਈ ਦੋਵਾਂ ਪਿੰਡਾਂ ਦੇ ਲੋਕ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
‘ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ’ ਅਧੀਨ ਬਣਾਉਣ ਲਈ ਸੜਕ ਦਾ ਨੀਂਹ ਪੱਥਰ 11 ਦਸੰਬਰ 2021 ਨੂੰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨੀਂਹ ਪੱਥਰ ਰੱਖਿਆ ਸੀ। ਲੋਕਾਂ ਨੇ ਦੱਸਿਆ ਕਿ ਇਸ ਸੜਕ ਤੋਂ ਪੈਦਲ ਲੰਘਣਾ ਵੀ ਔਖਾ ਹੋ ਗਿਆ ਹੈ। ਪਿੰਡਾਂ ਦੇ ਵਸਨੀਕ ਸੁਰਿੰਦਰ ਸਿੰਘ ਸੱਗੂ, ਤੇਜਾ ਸਿੰਘ ਦੇਹੜਕਾ ਨੇ ਠੇਕੇਦਾਰ ਅਤੇ ਕੇਂਦਰ ਸਰਕਾਰ ਤੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਵਿਚਕਾਰ ਲਟਕ ਰਿਹਾ ਹੈ। ਸੜਕ ਬਾਰੇ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਵੱਲੋਂ ਬਦਸਲੂਕੀ ਨਾਲ ਗੱਲ ਕੀਤੀ ਗਈ। ਪੀੜਤ ਲੋਕਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੇਹੜਕਾ, ਡੱਲਾ, ਮਾਣੂੰਕੇ ਅਤੇ ਭੰਮੀਪੁਰਾ ਕਲਾਂ ਆਦਿ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਵੀ ਪਿਛਲੇ ਲੰਮੇ ਸਮੇਂ ਤੋਂ ਪੁੱਟੀ ਹੋਈ ਹੈ ਅਤੇ ਇਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ । ਲੋਕਾਂ ਨੇ ਮੰਗ ਕੀਤੀ ਸੜਕ ਦਾ ਕੰਮ ਜਲਦੀ ਪੂਰਾ ਕਰਵਾਇਆ ਜਾਵੇ। ਦੂਜੇ ਪਾਸੇ ਜੇਈ ਪ੍ਰਮਿੰਦਰ ਸਿੰਘ ਨੇ ਆਖਿਆ ਇਨ੍ਹਾਂ ਸੜਕਾਂ ਦਾ ਕੰਮ ਚੱਲ ਰਿਹਾ ਹੈ ਤੇ ਕੁਝ ਦਿਨਾਂ ਵਿੱਚ ਹੀ ਪ੍ਰੀਮਿਕਸ ਪਾ ਦਿੱਤਾ ਜਾਵੇਗਾ।
ਗਲੀ ਨਾ ਬਣਨ ’ਤੇ ਵਾਰਡ-27 ਵਾਸੀਆਂ ਵੱਲੋਂ ਨਗਰ ਕੌਂਸਲ ਖਿਲਾਫ਼ ਮੁਜ਼ਾਹਰਾ
ਖੰਨਾ (ਨਿੱਜੀ ਪੱਤਰ ਪ੍ਰੇਰਕ): ਨਗਰ ਕੌਂਸਲ ਵੱਲੋਂ ਇਥੋਂ ਦੇ ਵਾਰਡ ਨੰਬਰ-27 ਰਣਜੀਤ ਨਗਰ ਦੇ ਲੋਕਾਂ ਵੱਲੋਂ ਕੌਂਸਲ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਰਣਜੀਤ ਨਗਰ ਦੀ ਗਲੀ-3 ਵਾਸੀ ਜਗਦੇਵ ਸਿੰਘ, ਜਰਨੈਲ ਸਿੰਘ, ਹਰਚੰਦ ਸਿੰਘ, ਤੇਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਕੌਂਸਲ ਖੰਨਾ ਨੂੰ ਇਹ ਗਲੀ ਬਨਾਉਣ ਤੇ ਸਟਰੀਟ ਲਾਈਟਾਂ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਵੱਲੋਂ ਇਹ ਆਖ ਕੇ ਮੋੜ ਦਿੱਤਾ ਜਾਂਦਾ ਹੈ ਕਿ ਇਹ ਕਲੋਨੀ ਅਣਅਧਿਕਾਰਤ ਹੈ। ਜਦਕਿ ਵਾਲੀਵਾਲ ਕਲੱਬ ਵਾਲੀ ਗਲੀ ਵਿੱਚ ਇੰਟਰ ਲਾਕਿੰਗ ਟਾਈਲਾਂ ਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਇਹ ਸਭ ਕਥਿਤ ਸਿਆਸੀ ਇਸ਼ਾਰਿਆਂ ’ਤੇ ਕਿਸੇ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਕੀਤਾ ਗਿਆ ਹੈ। ਦੂਜੇ ਪਾਸੇ ਠੇਕੇਦਾਰ ਵਿਜੇ ਕੌਂਸਲ ਨੇ ਕਿਹਾ ਕਿ ਇਹ ਗਲੀ ਦਾ ਟੈਂਡਰ ਲੱਗਿਆ ਸੀ ਅਤੇ ਨਕਸ਼ੇ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ। ਕੌਂਸਲ ਈ.ਓ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੁਝ ਨਹੀਂ ਪਤਾ, ਇੰਜੀਨੀਅਰ ਬ੍ਰਾਂਚ ਹੀ ਕੁਝ ਦੱਸ ਸਕਦੀ ਹੈ। ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਐਸਟੀਮੇਂਟ ਬਣਨ ’ਤੇ ਹੀ ਟੈਂਡਰ ਲੱਗਿਆ ਹੋਵੇਗਾ। ਜੇਕਰ ਕੁਝ ਗਲਤ ਹੋਇਆ ਤਾਂ ਇਸ ਸਬੰਧੀ ਅਧਿਕਾਰੀਆਂ ਤੋਂ ਜਵਾਬ ਮੰਗਿਆ ਜਾਵੇਗਾ।