ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਸਤੰਬਰ
ਸਬਜ਼ੀ ਮੰਡੀ ’ਚ ਹੋਈ ਕੁੱਟਮਾਰ ਦੀ ਰੰਜਿਸ਼ ਕੱਢਣ ਲਈ ਟਮਾਟਰ ਦੇ ਆੜ੍ਹਤੀਏ ਮਨੋਜ ਕੁਮਾਰ ਉਰਫ਼ ਮੋਨੂੰ ਦੀ ਇਨੋਵਾ ਕਾਰ ’ਚ ਇੱਕ ਵਿਅਕਤੀ ਨੇ ਵੱਡੀ ਗਿਣਤੀ ’ਚ ਅਫ਼ੀਮ ਅਤੇ ਨਸ਼ੀਲੀਆਂ ਗੋਲੀਆਂ ਰਖਵਾ ਦਿੱਤੀਆਂ। ਜਦੋਂ ਮੋਨੂੰ ਆਪਣੇ ਦੋ ਸਾਥੀਆਂ ਦੇ ਨਾਲ ਗੱਡੀ ਲੈ ਕੇ ਕਿਸੇ ਕੰਮ ਤੋਂ ਨਿਕਲਿਆ ਤਾਂ ਪਿੱਛੋਂ ਮੁਲਜ਼ਮ ਨੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਜਿਸ ਤੋਂ ਬਾਅਦ ਐੱਸਟੀਐੱਫ਼ ਦੀ ਟੀਮ ਨੇ ਇਨੋਵਾ ਨੂੰ ਨਾਕਾਬੰਦੀ ਦੌਰਾਨ ਰੋਕਿਆ ਤਾਂ ਉਸ ’ਚੋਂ ਅੱਧਾ ਕਿਲੋ ਅਫ਼ੀਮ ਤੇ 180 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲੀਸ ਨੇ ਇਸ ਮਾਮਲੇ ’ਚ ਮਨੋਜ ਕੁਮਾਰ ਉਰਫ਼ ਮੋਨੂੰ, ਰਜਤ ਸ਼ਰਮਾ ਤੇ ਉਨ੍ਹਾਂ ਦੇ ਤੀਸਰੇ ਸਾਥੀ ਦਿਨੇਸ਼ ਕੁਮਾਰ ਉਰਫ਼ ਵਿੱਕੀ ਨੂੰ ਕਾਬੂ ਕਰ ਲਿਆ। ਜਦੋਂ ਪੁੱਛਗਿੱਛ ਕੀਤੀ ਤਾਂ ਤਿੰਨਾਂ ਨੇ ਖੁਦ ਨੂੰ ਬੇਕਸੂਰ ਦੱਸਿਆ।
ਪਤਾ ਲੱਗਿਆ ਕਿ ਮੰਡੀ ’ਚ ਹੀ ਕੰਮ ਕਰਨ ਵਾਲਾ ਖਲੀ ਮਨੋਜ ਤੋਂ ਉਸਦੀ ਇਨੋਵਾ ਮੰਗ ਕੇ ਲੈ ਗਿਆ ਸੀ ਜਿਸ ਤੋਂ ਬਾਅਦ ਐੱਸਟੀਐੱਫ਼ ਦੀ ਟੀਮ ਨੇ ਮੁਕੇਸ਼ ਕੁਮਾਰ ਉਰਫ਼ ਖਲੀ ਨੂੰ ਕਾਬੂ ਕੀਤਾ ਤਾਂ ਪਤਾ ਲੱਗਿਆ ਕਿ ਉਸੇ ਨੇ ਗੱਡੀ ’ਚ ਅਫ਼ੀਮ ਤੇ ਨਸ਼ੀਲੀਆਂ ਗੋਲੀਆਂ ਰੱਖੀਆਂ ਸਨ। ਮੁਲਜ਼ਮ ਖਲੀ ਨੂੰ ਐੱਸਟੀਐੱਫ ਦੀ ਟੀਮ ਨੇ ਕਾਬੂ ਕਰ ਲਿਆ। ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਕਿ ਇਨੋਵਾ ਗੱਡੀ ’ਚ ਤਿੰਨ ਲੋਕ ਸਵਾਰ ਹੋ ਕੇ ਜਾ ਰਹੇ ਹਨ ਤੇ ਗੱਡੀ ’ਚ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਹੈ ਜਿਸ ਤੋਂ ਬਾਅਦ ਗੱਡੀ ਦੀ ਘੇਰਾਬੰਦੀ ਕਰ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਅਫ਼ੀਮ ਅਤੇ ਨਸ਼ੀਲੀਆਂ ਗੋਲੀਆਂ ਮਿਲੀਆਂ। ਪੁੱਛਗਿਛ ਦੌਰਾਨ ਮਨੋਜ, ਰਜਤ ਸ਼ਰਮਾ ਤੇ ਦਿਨੇਸ਼ ਵਿੱਕੀ ਨੇ ਖੁਦ ਨੂੰ ਬੇਕਸੂਰ ਦੱਸਿਆ। ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਖਲੀ ਉਨ੍ਹਾਂ ਦੀ ਗੱਡੀ ਮੰਗ ਕੇ ਲੈ ਗਿਆ ਸੀ। ਉਨ੍ਹਾਂ ਦਾ ਖਲੀ ਤੇ ਖੁਦ ਨੂੰ ਪ੍ਰਧਾਨ ਦੱਸਣ ਵਾਲੇ ਉਸਦੇ ਇੱਕ ਵਿਅਕਤੀ ਦੇ ਨਾਲ ਝਗੜਾ ਹੋਇਆ ਸੀ, ਪਰ ਉਹ ਸਮਝੌਤੇ ਤੋਂ ਬਾਅਦ ਵੀ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਐੱਸਟੀਐੱਫ਼ ਨੇ ਮਨੋਜ, ਰਜਤ ਅਤੇ ਵਿੱਕੀ ਨੂੰ ਛੱਡ ਦਿੱਤਾ ਹੈ।