ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 19 ਅਪਰੈਲ
ਵਿਧਾਨ ਸਭਾ ਹਲਕਾ ਜਗਰਾਉਂ ਦੇ ਦਰਜਨ ਦੇ ਕਰੀਬ ਪਿੰਡਾਂ ਨੂੰ ਸੇਵਾਵਾਂ ਦੇਣ ਵਾਲੀ ਦਾਣਾ ਮੰਡੀ ਹਠੂਰ ਖੁਦ ਬੁਨਿਆਦੀ ਸਹੂਲਤਾਂ ’ਚ ਪੱਛੜ ਗਈ ਹੈ। ਮੰਡੀ ’ਚ ਕੰਡਾ, ਸ਼ੈੱਡ, ਪੀਣ ਵਾਲੇ ਪਾਣੀ ਅਤੇ ਪਾਖਾਨਿਆਂ ਸਣੇ ਹੋਰ ਸਹੂਲਤਾਂ ਨਾ ਹੋਣ ਕਾਰਨ ਕਿਸਾਨ, ਆੜ੍ਹਤੀ, ਪੱਲੇਦਾਰ ਆਦਿ ਕਾਫ਼ੀ ਪ੍ਰੇਸ਼ਾਨ ਹਨ। ਇਲਾਕੇ ਭਰ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਡੀ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸਿਮਰਨਜੋਤ ਸਿੰਘ ਗਾਹਲੇ, ਭਾਗ ਸਿੰਘ ਗੋਲਡੀ, ਕੁਲਦੀਪ ਸਿੰਘ, ਸੁਰਜੀਤ ਸਿੰਘ, ਅਰਸ਼ਦੀਪ ਸਿੰਘ, ਬਿੱਟੂ ਗਰੇਵਾਲ, ਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਕਾਲਾ ਸਿੰਘ, ਸੀਰਾ ਸਿੰਘ, ਨਿੰਮਾ ਸਿੰਘ ਤੇ ਇੰਦਰਜੀਤ ਸਿੰਘ ਆਦਿ ਨੇ ਦੱਸਿਆ ਕਿ ਮਾਰਕੀਟ ਕਮੇਟੀ ਅਤੇ ਦਾਣਾ ਮੰਡੀ ਹਠੂਰ ਦੀ ਸਥਾਪਨਾ 1987 ਵਿਚ ਹੋਈ ਸੀ। ਉਸ ਸਮੇਂ ਮੰਡੀ ਦਾ ਫੜ ਕੱਚਾ ਸੀ ਜਿਸ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸਨ ਅਤੇ ਲੋਕ ਆਗੂਆਂ ਦੇ ਸਹਿਯੋਗ ਨੇ ਪੱਕਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹੁਣ ਮੰਡੀ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਦੀ ਘਾਟ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਫਸਲ ਰੱਖਣ, ਕਿਸਾਨਾਂ ਦੇ ਬੈਠਣ ਲਈ ਸ਼ੈੱਡ ਦਾ ਨਿਰਮਾਣ, ਮੰਡੀ ਦੇ ਮੁੱਖ ਗੇਟ ’ਤੇ ਫਸਲਾਂ ਦਾ ਭਾਰ ਤੋਲਣ ਲਈ ਕੰਡਾ ਸਥਾਪਤ ਕੀਤਾ ਜਾਵੇ।
ਇਸ ਤੋਂ ਇਲਾਵਾ ਕਿਸਾਨਾਂ ਨੇ ਮੰਗ ਕੀਤੀ ਸ਼ਹਿਰੋਂ ਦੂਰ ਹਲਕੇ ਦੇ ਬਾਰਡਰ ’ਤੇ ਪੈਂਦੀ ਇਸ ਮੰਡੀ ਵਿਚ ਸਬਜ਼ੀ, ਮੱਕੀ ਅਤੇ ਮੂੰਗੀ ਵੇਚਣ ਲਈ ਆੜ੍ਹਤੀਆਂ ਨੂੰ ਲਾਇਸੰਸ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਪਿਛਲੇ 35 ਵਰ੍ਹਿਆਂ ਤੋਂ ਸਹੂਲਤਾਂ ਲੈਣ ਲਈ ਤਤਕਾਲੀ ਸਰਕਾਰਾਂ ਨੂੰ ਲਿਖਤੀ ਤੇ ਜ਼ੁਬਾਨੀ ਬੇਨਤੀਆਂ ਕਰ ਚੁੱਕੇ ਹਨ। ਪਰ ਸੁਣਵਾਈ ਨਹੀਂ ਹੋਈ। ਉਨ੍ਹਾਂ ਸੂਬਾ ਸਰਕਾਰ ਅਤੇ ਮੰਡੀ ਬੋਰਡ ਨੂੰ ਬੇਨਤੀ ਕੀਤੀ ਕਿ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ । ਮਾਰਕੀਟ ਕਮੇਟੀ ਹਠੂਰ ਦੇ ਸੈਕਟਰੀ ਸੁਭਾਸ਼ ਕੁਮਾਰ ਨੇ ਲਿਖਤੀ ਰੂਪ ਵਿਚ ਬੇਨਤੀ ਪੱਤਰ ਦੇਣ ਲਈ ਆਖਿਆ।