ਗੁਰਿੰਦਰ ਸਿੰਘ
ਲੁਧਿਆਣਾ, 17 ਅਕਤੂਬਰ
ਇਥੇ ਦਲਿਤ ਜਥੇਬੰਦੀਆਂ ਨੇ ਅੱਜ ਹਾਥਰਸ ਕਾਂਡ ਦੇ ਰੋਸ ਵੱਜੋਂ ਘੰਟਾਘਰ ਚੌਕ ਸਥਿਤ ਭਾਜਪਾ ਦਫ਼ਤਰ ਬਾਹਰ ਜ਼ੋਰਦਾਰ ਮੁਜ਼ਾਹਰਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਦੇ ਪੁਤਲੇ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਾਲਮੀਕਿ ਸਮਾਜ ਦੇ ਆਗੂ ਵਿਪਨ ਕਲਿਆਣ ਦੀ ਅਗਵਾਈ ਹੇਠ ਵਰਕਰਾਂ ਨੇ ਦੋਹਾਂ ਆਗੂਆਂ ਦੇ ਪੁਤਲੇ ਚੁੱਕੇ ਹੋਏ ਸਨ ਅਤੇ ਨਾਅਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਕੁੱਝ ਸਮੇਂ ਲਈ ਆਵਾਜਾਈ ਵੀ ਠੱਪ ਰੱਖੀ।
ਇਸ ਮੌਕੇ ਵਿਪਨ ਕਲਿਆਣ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਹਾਥਰਸ ਕਾਂਡ ਦੇ ਦੋਸ਼ੀਆਂ ਦਾ ਪੱਖ ਪੂਰ ਕੇ ਦਲਿਤ ਸਮਾਜ ਨਾਲ ਬੇਇਨਸਾਫ਼ੀ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਉੱਤਰ ਪ੍ਰਦੇਸ਼ ਸਰਕਾਰ ਭੰਗ ਕਰਕੇ ਫੌਰੀ ਤੌਰ ਤੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਮੌਕੇ ਵਿਨੋਦ ਇਕਲਵਿਆ, ਅਰੁਣ ਵੇਦ, ਰਵੀ ਅਟਵਾਲ, ਮੁਨੀ ਆਦਿਆ, ਸ਼ੰਕਰ ਟਾਂਕ, ਸੋਨੂੰ ਨਾਗਲ ਅਤੇ ਕਮਲ ਕੁਮਾਰ ਹੈਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਲਿਤ ਜਥੇਬੰਦੀਆਂ ਵੱਲੋਂ ਭਾਜਪਾ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਇਸ ਦਾ ਸਬਕ ਸਿਖਾਇਆ ਜਾਵੇਗਾ।