ਗਗਨਦੀਪ ਅਰੋੜਾ/ਗੁਰਦੀਪ ਸਿੰਘ ਟੱਕਰ
ਲੁਧਿਆਣਾ/ਮਾਛੀਵਾੜਾ, 6 ਅਕਤੂਬਰ
ਦਿ ਲੁਧਿਆਣਾ ਜ਼ਿਲਾ ਸਹਿਕਾਰੀ ਕਿਰਤ ਤੇ ਉਸਾਰੀ ਸਭਾਵਾਂ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਹੋਈ ਜਿਸ ਵਿੱਚ ਸਾਰੇ ਡਾਇਰੈਕਟਰਾਂ ਵੱਲੋਂ ਹਰਮੋਹਨ ਸਿੰਘ ਨੂੰ ਚੇਅਰਮੈਨ ਅਤੇ ਗੁਰਸ਼ਰਨਪਾਲ ਸਿੰਘ ਚੱਡਾ ਨੂੰ ਉਪ ਚੇਅਰਮੈਨ ਚੁਣ ਲਿਆ ਗਿਆ। ਨਿਰੀਖਕ ਇੰਸਪੈਕਟਰ ਸਾਹਿਲ ਗਰਗ ਦੀ ਨਿਗਰਾਨੀ ਹੇਠ ਹੋਈ ਚੋਣ ਵਿੱਚ ਡਾਇਰੈਕਟਰ ਯਸ਼ਵੀਰ ਨੇ ਚੇਅਰਮੈਨ ਦੇ ਅਹੁਦੇ ਲਈ ਹਰਮੋਹਨ ਸਿੰਘ ਦੇ ਨਾਂ ਦੀ ਤਜਵੀਜ਼ ਪੇਸ਼ ਕੀਤੀ ਜਿਸ ’ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ ਉਪ-ਚੇਅਰਮੈਨ ਦੇ ਅਹੁਦੇ ਲਈ ਅਮਰਦੀਪ ਸਿੰਘ ਸਹਾਰਨ ਮਾਜਰਾ ਨੇ ਗੁਰਸ਼ਰਨਦੀਪ ਸਿੰਘ ਚੱਢਾ ਦਾ ਨਾਂ ਪੇਸ਼ ਕੀਤਾ ਜਿਸ ’ਤੇ ਵੀ ਸਹਿਮਤੀ ਪ੍ਰਗਟ ਕੀਤੀ ਗਈ। ਨਵ-ਨਿਯੁਕਤ ਹਰਮੋਹਨ ਸਿੰਘ ਨੇ ਚੇਅਰਮੈਨ ਬਣਨ ’ਤੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੀਆਂ ਉਸਾਰੀ ਤੇ ਕਿਰਤ ਸਭਾਵਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਅਤੇ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਉਹ ਹਮੇਸ਼ਾ ਯਤਨਸ਼ੀਲ ਹਨ। ਉਨ੍ਹਾਂ ਚੁਣੇ ਗਏ ਡਾਇਰੈਕਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਗੁਰਦੇਵ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਟੱਕਰ, ਸੰਜੀਵ ਕੁਮਾਰ ਪਾਂਧੀ, ਸਾਬਕਾ ਚੇਅਰਮੈਨ ਜਗਜੀਤ ਸਿੰਘ ਸਹਾਰਨਮਾਜਰਾ ਤੇ ਮੈਨੇਜਰ ਰਣਜੀਤ ਸਿੰਘ ਵੀ ਮੌਜੂਦ ਸਨ।