ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਮਈ
ਸਬਜ਼ੀ ਮੰਡੀ ’ਚ ਫੜ੍ਹੀ ਲਾਉਣ ਵਾਲੇ ਪ੍ਰਸ਼ਾਸਨਿਕ ਰੋਕਾਂ ਤੋਂ ਔਖੇ ਹਨ। ਰੋਸ ਵਜੋਂ ਸਬਜ਼ੀ ਮੰਡੀ ’ਚ ਇਕੱਤਰ ਹੋਏ ਫੜ੍ਹੀ ਵਾਲਿਆਂ ਨੇ ਅੱਜ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ ਪੰਜ ਵਜੇ ਤੋਂ ਬਾਰਾਂ ਵਜੇ ਤੱਕ ਹੋਰ ਕਾਰੋਬਾਰ ਅਤੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਫੜ੍ਹੀਆਂ ਲਾਉਣ ਤੋਂ ਰੋਕਿਆ ਗਿਆ ਹੈ। ਸਵਖਤੇ ਸਬਜ਼ੀ ਮੰਡੀ ’ਚ ਫੜ੍ਹੀ ਲਾਉਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਜਗਰਾਉਂ ਸਬਜ਼ੀ ਮੰਡੀ ’ਚ ਸੱਤ ਦਰਜਨ ਤੋਂ ਵਧੇਰੇ ਫੜ੍ਹੀ ਵਾਲੇ ਹਨ। ਇਹ ਸਾਰੇ ਸਬਜ਼ੀ ਮੰਡੀ ਦੇ ਆੜ੍ਹਤੀਆਂ ਤੋਂ ਸਬਜ਼ੀ ਆਦਿ ਖਰੀਦ ਕੇ ਉੱਥੇ ਹੀ ਫੜ੍ਹੀ ਲਾ ਕੇ ਵੇਚਦੇ ਹਨ। ਇਸ ਤਰ੍ਹਾਂ ਰੋਜ਼ਾਨਾ ਖਰੀਦ ਵੇਚ ਕਰਕੇ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਹੈ।
ਇਸ ਮੌਕੇ ਹਰਦੇਵ ਸਿੰਘ, ਕਮਲੇਸ਼ ਕੁਮਾਰ, ਸੰਨੀ, ਅਮਰਜੀਤ ਸਿੰਘ ਤੇ ਹੋਰਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਾਜਰੇ ਸਬਜ਼ੀ ਮੰਡੀ ’ਚ ਕੁਝ ਦੇਰ ਲਈ ਫੜ੍ਹੀ ਲਾਉਣ ਦੀ ਆਗਿਆ ਦਿੱਤੀ ਜਾਵੇ। ਮੰਡੀ ਸੁਪਰਵਾਈਜ਼ਰ ਅਵਤਾਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਹੀ ਅਮਲ ਕੀਤਾ ਜਾ ਰਿਹਾ ਹੈ। ਕਰੋਨਾ ਮਹਾਮਾਰੀ ਕਰਕੇ ਪ੍ਰਸ਼ਾਸਨ ਨੇ ਪਾਬੰਦੀਆਂ ਲਾਈਆਂ ਹੋਈਆਂ ਹਨ। ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਫੜ੍ਹੀ ਵਾਲਿਆਂ ਨੂੰ ਰਾਹਤ ਦਿਵਾਉਣ ਦੀ ਕੋਸ਼ਿਸ਼ ਕਰਨਗੇ।