ਪੱਤਰ ਪ੍ਰੇਰਕ
ਰਾਏਕੋਟ, 10 ਮਾਰਚ
ਪੰਜਾਬ ਵਿਧਾਨ ਸਭਾ ਹਲਕਾ ਰਾਏਕੋਟ ਦੇ ਐਲਾਨੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਨੇ ਕਾਂਗਰਸ ਦੇ ਉਮੀਦਵਾਰ ਕਾਮਿਲ ਅਮਰ ਸਿੰਘ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਇਸ ਹਲਕੇ ਤੋਂ 10 ਉਮੀਦਵਾਰ ਮੈਦਾਨ ਵਿੱਚ ਸਨ। ਜ਼ਿਕਰਯੋਗ ਹੈ ਕਿ ਕਾਂਗਰਸੀ ਉਮੀਦਵਾਰ ਕਾਮਿਲ ਦੇ ਪਿਤਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਹਨ। ਹਾਕਮ ਸਿੰਘ ਠੇਕੇਦਾਰ ਨੂੰ 63659 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਕਾਂਗਰਸ ਦੇ ਕਾਮਿਲ ਅਮਰ ਸਿੰਘ ਨੂੰ 36015 ਵੋਟਾਂ ਮਿਲੀਆਂ, ਇਸ ਤਰ੍ਹਾਂ ਹਾਕਮ ਸਿੰਘ 27644 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਬਸਪਾ ਦੇ ਬਲਵਿੰਦਰ ਸਿੰਘ ਸੰਧੂ ਨੂੰ ਮਹਿਜ 8381 ਵੋਟਾਂ ਮਿਲੀਆਂ। ਚੌਥੇ ਨੰਬਰ ’ਤੇ ਰਹੇ ਡਾ. ਜਗਤਾਰ ਸਿੰਘ ਨੂੰ 1514 ਵੋਟਾਂ ਪ੍ਰਾਪਤ ਹੋਈਆਂ ਤੇ ਪੰਜਵੇਂ ਨੰਬਰ ’ਤੇ ਰਹੇ ਭਾਜਪਾ ਗੱਠਜੋੜ ਦੇ ਸ੍ਰੋਮਣੀ ਅਕਾਲੀ ਦਲ (ਸਯੁੰਕਤ) ਦੇ ਉਮੀਦਵਾਰ ਗੁਰਪਾਲ ਸਿੰਘ ਗੋਲਡੀ ਨੂੰ 1276 ਵੋਟਾਂ ਹੀ ਨਸੀਬ ਹੋਈਆਂ। ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਨੂੰ ਹਲਕੇ ਦੀਆਂ 56.04 ਫੀਸਦੀ ਵੋਟਾਂ ਹਾਸਲ ਹੋਈਆਂ ਜਦੋਂ ਕਿ ਕਾਂਗਰਸ ਦੇ ਕਾਮਿਲ ਅਮਰ ਸਿੰਘ ਨੂੰ 31.7 ਫੀਸਦੀ ਵੋਟ ਮਿਲੀ। ‘ਆਪ’ ਸਮਰਥਕ ਖੁਸ਼ੀ ਵਿੱਚ ਸ਼ਹਿਰ ਤੇ ਲਾਗਲੇ ਪਿੰਡਾਂ ’ਚ ਜੇਤੂ ਜਲੂਸ ਕੱਢਦੇ ਰਹੇ।
ਹਾਕਮ ਸਿੰਘ ਠੇਕੇਦਾਰ ਦਾ ਗੁਰੂਸਰ ਸੁਧਾਰ ਵਿੱਚ ਨਿੱਘਾ ਸਵਾਗਤ
ਗੁਰੂਸਰ ਸੁਧਾਰ( ਪੱਤਰ ਪ੍ਰੇਰਕ): ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਕਾਫ਼ਲੇ ਦਾ ਗੁਰੂਸਰ ਸੁਧਾਰ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ। ਬਾਅਦ ਦੁਪਹਿਰ ਜਿੱਤ ਦਾ ਐਲਾਨ ਹੁੰਦੇ ਸਾਰ ਸਥਾਨਕ ਬਜ਼ਾਰ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੇ ਭੰਗੜੇ ਪਾਉਣ ਦੇ ਨਾਲ ਹੀ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਸਨ। ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ’ਤੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਸਮਰਥਕ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਸਨ ਅਤੇ ਇੱਥੋਂ ਇਕ ਵੱਡੇ ਜੇਤੂ ਕਾਫ਼ਲੇ ਨਾਲ ਰਾਏਕੋਟ ਨੂੰ ਰਵਾਨਾ ਹੋਏ।