ਪੱਤਰ ਪ੍ਰੇਰਕ
ਪਾਇਲ, 21 ਜੁਲਾਈ
ਹਲਕਾ ਪਾਇਲ ਦੇ ਅਹੁਦੇਦਾਰਾਂ, ਵਾਲੰਟੀਅਰਾਂ ਅਤੇ ਵਰਕਰਾਂ ਨਾਲ ਪਿੰਡ ਮਕਸੂਦੜਾ ਵਿੱਚ ਹਲਕਾ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੀਟਿੰਗ ਕਰਕੇ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਪਾਰਟੀ ਨੂੰ ਹੋਰ ਤਕੜਾ ਬਣਾਉਣ ਲਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਵਾਲੰਟੀਅਰ ਹਲਕੇ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨ, ਅਫਸਰਸ਼ਾਹੀ ਨਾਲ ਤਾਲਮੇਲ ਰੱਖਣ ਅਤੇ ਲੋਕਾਂ ਦੇ ਸਹੀ ਕੰਮ ਕਰਵਾਉਣ ਦੀ ਜੁਰਅਤ ਕਰਨ ਕਿਉਂਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਪਾਰਟੀ ਦਾ ਪਹਿਲਾ ਕੰਮ ਹੈ। ਗਿਆਸਪੁਰਾ ਨੇ ਵਾਲੰਟੀਅਰਾਂ ਤੇ ਵਰਕਰਾਂ ਨੂੰ ਕਿਹਾ ਕਿ ਹਲਕੇ ਅੰਦਰ ਪਿੰਡਾਂ-ਸ਼ਹਿਰਾਂ ਵਿੱਚ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਬਾਜ਼ ਅੱਖ ਰੱਖਣ। ਮੀਟਿੰਗ ਵਿੱਚ ਆੜਤੀ ਏ ਪੀ ਜੱਲਾ, ਬੂਟਾ ਸਿੰਘ ਰਾਣੋ ਗਿੱਲ, ਜੁਗਰਾਜ ਸਿੰਘ ਮਕਸੂਦੜਾ ਆਦਿ ਹਾਜ਼ਰ ਸਨ।