ਸਤਵਿੰਦਰ ਬਸਰਾ
ਲੁਧਿਆਣਾ, 3 ਅਪਰੈਲ
ਸੂਬੇ ਦੇ ਮੋਹਰੀ ਖੇਡ ਮੈਦਾਨਾਂ ਵਿੱਚ ਆਉਂਦੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸਾਲ 2001 ’ਚ ਵਿਛਾਇਆ ਗਿਆ ਅਥਲੈਟਿਕ ਟਰੈਕ ਆਪਣੀ ਉਮਰ ਭੋਗ ਚੁੱਕਾ ਹੈ। ਪਿਛਲੇ ਦਸ ਸਾਲਾਂ ਤੋਂ ਖਿਡਾਰੀਆਂ ਨੂੰ ਸੂਬੇ ਵਿੱਚ ਆਈਆਂ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਤੋਂ ਨਵੇਂ ਅਥਲੈਟਿਕ ਟਰੈਕ ਦੀ ਥਾਂ ਨਵੇਂ ਨਵੇਂ ਲਾਰੇ ਹੀ ਮਿਲੇ ਹਨ। ਦੂਜੇ ਪਾਸੇ ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਥਲੈਟਿਕ ਟਰੈਕ ਨੂੰ ਸਮਾਰਟ ਸਿਟੀ ਰਿਪੋਰਟ ’ਚ ਦਰਜ ਕਰਵਾਇਆ ਜਾ ਚੁੱਕਾ ਹੈ।
ਗੁਰੂ ਨਾਨਕ ਸਟੇਡੀਅਮ ਵਿੱਚ ਸਾਲ 2001 ਵਿੱਚ ਨਵਾਂ ਅਥਲੈਟਿਕ ਟਰੈਕ ਵਿਛਾਇਆ ਗਿਆ ਸੀ। ਮਾਹਿਰਾਂ ਅਨੁਸਾਰ ਨਵੇਂ ਟਰੈਕ ਦੀ ਉਮਰ ਕਰੀਬ 10 ਸਾਲ ਤੱਕ ਦੀ ਹੁੰਦੀ ਹੈ ਜਦਕਿ ਉਕਤ ਸਟੇਡੀਅਮ ਵਿੱਚ ਬਣੇ ਅਥਲੈਟਿਕ ਟਰੈਕ ਨੂੰ 21 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਅਕਾਲੀ-ਭਾਜਪਾ, ਕਾਂਗਰਸ ਦੀਆਂ ਸਰਕਾਰਾਂ ਆਈਆਂ। ਇਨ੍ਹਾਂ ਸਰਕਾਰਾਂ ਦੇ ਮੰਤਰੀਆਂ ਵੱਲੋਂ ਸਮੇਂ-ਸਮੇਂ ’ਤੇ ਮੀਡੀਆ ਵਿੱਚ ਵੱਡੇ-ਵੱਡੇ ਬਿਆਨ ਦਿੱਤੇ ਗਏ ਕਿ ਜਲਦੀ ਹੀ ਸਟੇਡੀਅਮ ਵਿੱਚ ਨਵਾਂ ਟਰੈਕ ਵਿਛਾਇਆ ਜਾਵੇਗਾ ਪਰ ਇੰਨੇ ਸਾਲ ਬੀਤ ਜਾਣ ’ਤੇ ਵੀ ਖਿਡਾਰੀਆਂ ਨੂੰ ਨਵਾਂ ਟਰੈਕ ਨਹੀਂ ਮਿਲਿਆ। ਇਸ ਸਟੇਡੀਅਮ ਵਿੱਚ ਰੋਜ਼ਾਨਾ ਵੱਖ ਵੱਖ ਖੇਡਾਂ ਦੇ 250 ਦੇ ਕਰੀਬ ਖਿਡਾਰੀ ਪ੍ਰੈਕਟਿਸ ਕਰਨ ਲਈ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ 100 ਤੋਂ 125 ਦੇ ਕਰੀਬ ਖਿਡਾਰੀ ਅਥਲੈਟਿਕ ਦੇ ਹੁੰਦੇ ਹਨ। ਮਾਹਿਰਾਂ ਅਨੁਸਾਰ ਅਥਲੈਟਿਕ ਟਰੈਕ ਦੇ ਥਾਂ-ਥਾਂ ਫੁੱਲ ਜਾਣ ਕਰਕੇ ਖਿਡਾਰੀਆਂ ਨੂੰ ਇੱਕ ਤਾਂ ਸੱਟ ਆਦਿ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਦੂਜਾ ਇਨ੍ਹਾਂ ਦੀ ਮੁਕਾਬਲਿਆਂ ਸਮੇਂ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਸਟੇਡੀਅਮ ਵਿੱਚ ਨਵਾਂ ਅਥਲੈਟਿਕ ਟਰੈਕ ਵਿਛਾਉਣ ’ਤੇ 7 ਤੋਂ 8 ਕਰੋੜ ਰੁਪਏ ਤੱਕ ਦਾ ਖਰਚ ਆਉਣ ਦੀ ਸੰਭਾਵਨਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਅਥਲੈਟਿਕ ਟਰੈਕ ਦੇ ਨਾਲ-ਨਾਲ ਦੋ ਬਾਸਕਟਬਾਲ ਤੇ ਇਨਡੋਰ ਸਟੇਡੀਅਮ ਨੂੰ ਸਮਾਰਟ ਸਿਟੀ ਰਿਪੋਰਟ ਵਿੱਚ ਦਰਜ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਦੋ ਵਾਰ ਟੈਂਡਰ ਵੀ ਕੱਢੇ ਗਏ ਪਰ ਕਿਸੇ ਨਾ ਕਿਸੇ ਕਾਰਨ ਉਹ ਰੱਦ ਹੋ ਗਏ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕੋਚ ਸੰਜੀਵ ਸ਼ਰਮਾ ਸਮੇਂ-ਸਮੇਂ ’ਤੇ ਹੁੰਦੀ ਸਮਾਰਟ ਸਿਟੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਹਨ।