ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਅਕਤੂਬਰ
ਸ੍ਰੀ ਭੈਣੀ ਸਾਹਿਬ ਵਿਖੇ ਅੱਜ ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਹਿੰਦੀ ਵਿੱਚ ਅਨੁਵਾਦ ਕਾਵਿ ਪੁਸਤਕ ‘ਆਧਾਰ ਭੂਮੀ’ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦੀ ਮਹਿਕ ਨੂੰ ਹੋਰ ਭਾਰਤੀ ਭਾਸ਼ਾਵਾਂ ਵਿੱਚ ਪਸਾਰਨਾ ਸਵਾਗਤਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਦੀ ਮਰਿਆਦਾ, ਸੱਭਿਆਚਾਰ ਅਤੇ ਵਿਰਾਸਤੀ ਲੋਕ ਧਾਰਾ ਬਲਵਾਨ ਹੈ, ਜਿਸ ਨੂੰ ਪੰਜਾਬ ਤੋਂ ਬਾਹਰਲੇ ਲੋਕ ਪਰਵਾਨ ਕਰਦੇ ਹਨ ਪਰ ਇਸ ਨੂੰ ਹੋਰ ਵਧੇਰੇ ਸ਼ਕਤੀ ਨਾਲ ਹੋਰ ਜ਼ੁਬਾਨਾਂ ਵਿੱਚ ਅਨੁਵਾਦ ਰਾਹੀਂ ਪਹੁੰਚਾਉਣ ਦੀ ਲੋੜ ਹੈ। ਗੁਰਭਜਨ ਗਿੱਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਭੈਣੀ ਸਾਹਿਬ ਵਿਖੇ ਵਿਸ਼ਵ ਭਾਰਤੀ ਸੱਭਿਆਚਾਰ ਦੀ ਗੰਗਾ ਵਹਿੰਦੀ ਹੈ, ਜਿਸ ਵਿੱਚ ਹਿੰਦੀ, ਉਰਦੂ, ਪੰਜਾਬੀ ਅਤੇ ਹੋਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਬਰਾਬਰ ਦਾ ਮਾਣ ਮਿਲਦਾ। ਇਸ ਪੁਸਤਕ ਨੂੰ ਰਾਜਿੰਦਰ ਤਿਵਾੜੀ (ਯੂਪੀ) ਤੇ ਪਰਦੀਪ ਸਿੰਘ ਹਿਸਾਰ (ਹਰਿਆਣਾ) ਨੇ ਅਨੁਵਾਦ ਕਰਕੇ ਹੰਸ ਪ੍ਰਕਾਸ਼ਨ ਦਿੱਲੀ ਤੋਂ ਛਪਵਾਇਆ ਹੈ। ਇਸ ਮੌਕੇ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ, ਗੁਰਲਾਲ ਸਿੰਘ, ਪਿੰਡ ਦਾਦ ਦੇ ਸਰਪੰਚ ਜਗਦੀਸ਼ਪਾਲ ਸਿੰਘ ਗਰੇਵਾਲ ਵੀ ਹਾਜ਼ਰ ਸਨ।