ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਫਰਵਰੀ
ਗਰੀਨ ਮਿਸ਼ਨ ਪੰਜਾਬ ਟੀਮ ਵੱਲੋਂ ਰੋਸ਼ਨੀ ਦੇ ਮੇਲੇ ’ਤੇ ਪੀਰ ਬਾਬਾ ਮੋਹਕਮ ਦੀਨ ਜੀ ਦੀ ਦਰਗਾਹ ਤੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ ਹਰਬਲ ਬੂਟਿਆਂ ਬਾਰੇ ਜਾਣਕਾਰੀ ਦੇਣ ਲਈ ਖਾਸ ਉਪਰਾਲਾ ਕੀਤਾ ਗਿਆ। ਮੇਲੇ ਦੌਰਾਨ ਲਾਲਾ ਲਾਜਪਤ ਰਾਏ ਯਾਦਗਾਰੀ ਕਮੇਟੀ ਪਾਰਕ ’ਚ ਟੀਮ ਵੱਲੋਂ ਵਿਸ਼ੇਸ ਸਟਾਲ ਲਗਾਇਆ ਗਿਆ। ਇਸਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਵੱਲੋਂ ਕੀਤਾ ਗਿਆ। ਪ੍ਰਧਾਨ ਰਾਣਾ ਨੇ ਮਿਸ਼ਨ ਟੀਮ ਵੱਲੋਂ ਆਮ ਲੋਕਾਂ ਨੂੰ ਚੇਤਨ ਕਰਨ ਲਈ ਕੀਤੇ ਜਾ ਰਹੇ ਯਤਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਅਜਿਹੇ ਨੇਕ ਉਪਰਾਲੇ ਪੰਜਾਬ ਦੀ ਫਿਜ਼ਾ ਬਦਲਣ ਦੀ ਸਮਰੱਥਾ ਰੱਖਦੇ ਹਨ। ਟੀਮ ਦੇ ਸਿਰਕੱਢ ਮੈਂਬਰ ਸਤਪਾਲ ਦੇਹੜਕਾ, ਪ੍ਰੋ. ਕਰਮ ਸਿੰਘ ਸੰਧੂ, ਸਾਹਿਤਕਾਰ ਮੇਜਰ ਸਿੰਘ ਛੀਨਾ, ਹਰਨਰਾਇਣ ਮੱਲੇਆਣਾ ਨੇ ਆਖਿਆ ਕਿ ‘ਰੁੱਖ ਹਨ ਤਾਂ ਮਨੁੱਖ ਹਨ’। ਉਨ੍ਹਾਂ ਆਖਿਆ ਕਿ ਅੱਜ ਦੇ ਪਦਾਰਥਵਾਦੀ ਯੁੱਗ ’ਚ ਰੁੱਖ ਹੀ ਹਨ ਜੋ ਮਨੁੱਖ ਨੂੰ ਕੁਝ-ਨਾਂ-ਕੁਝ ਦਿੰਦੇ ਹਨ। ਸਤਪਾਲ ਦੇਹੜਕਾ, ਪ੍ਰੋ. ਕਰਮ ਸਿੰਘ ਸੰਧੂ ਨੇ ਆਖਿਆ ਕਿ ਟੀਮ ਵੱਲੋਂ ਡਾਇਟ ਦੇ ਖੁੱਲ੍ਹੇ ਮੈਦਾਨ ’ਚ ਲਗਾਇਆ ਜਾ ਰਿਹਾ ਹਰਬਲ ਜੰਗਲ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਹੋਵੇਗਾ।