ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਨਵੰਬਰ
ਕਾਂਗਰਸ ਨੇ ਸਨਅਤਕਾਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਅੱਜ ਸਰਕਟ ਹਾਊਸ ’ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵਪਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਨਬਜ਼ ਟੋਲਣ ਦੀ ਕੋਸ਼ਿਸ਼ ਕੀਤੀ ਕਿ ਸਨਅਤਕਾਰ, ਵਪਾਰੀ ਤੇ ਕਾਰੋਬਾਰੀ ਸਰਕਾਰ ਤੋਂ ਕੀ ਚਾਹੁੰਦੇ ਹਨ ਤੇ ਉਨ੍ਹਾਂ ਨਾਲ ਕੀ ਵਾਅਦੇ ਕੀਤੇ ਜਾ ਸਕਦੇ ਹਨ। ਮੀਟਿੰਗ ’ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੰਜੈ ਤਲਵਾੜ, ਸੁਰਿੰਦਰ ਡਾਬਰ, ਰਾਕੇਸ਼ ਪਾਂਡੇ, ਮੇਅਰ ਬਲਕਾਰ ਸੰਧੂ ਤੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਹਾਜ਼ਰ ਸਨ। ਮੀਟਿੰਗ ’ਚ ਸ੍ਰੀ ਸਿੱਧੂ ਨੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਜਾਣੀਆਂ ਤੇ ਸਨਅਤਕਾਰਾਂ ਨੇ ਵੀ ਕਾਂਗਰਸ ਪ੍ਰਧਾਨ ਨੂੰ ਕਈ ਅਹਿਮ ਮੁੱਦਿਆਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਨ੍ਹਾਂ ਦਿੱਕਤਾਂ ਤਾਂ ਦੱਸੀਆਂ ਹੀ ਤੇ ਨਾਲ ਅਧਿਕਾਰੀਆਂ ਅਤੇ ਇੰਸਪੈਕਟਰਾਂ ਵੱਲੋਂ ਉਨ੍ਹਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ। ਨਵਜੋਤ ਸਿੱਧੂ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਸਰਕਾਰ ਸਨਅਤਕਾਰਾਂ ਨਾਲ ਮਿਲ ਕੇ ਕੰਮ ਕਰੇਗੀ ਤੇ ਪੰਜਾਬ ’ਚ ਸਿੰਗਲ ਵਿੰਡੋ ਸਿਸਟਮ ਲਿਆਂਦਾ ਜਾਵੇਗਾ ਤਾਂ ਕਿ ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀ ਲੈਣ ਜਾਂ ਫਿਰ ਚੰਡੀਗੜ੍ਹ ਤੋਂ ਮਨਜ਼ੂਰੀ ਲੈਣ ਲਈ ਜਾਣਾ ਨਾ ਪਵੇ।
ਕਾਂਗਰਸ ਪ੍ਰਧਾਨ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ
ਪੰਜਾਬ ਕਾਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਰਕਟ ਹਾਊਸ ਵਿੱਚ ਚਾਰ ਮਹੀਨੇ ਬਾਅਦ ਸਿੱਧੇ ਤੌਰ ’ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵਰਕਰਾਂ ਨਾਲ ਲੁਧਿਆਣਾ ਦੀਆਂ ਵਿਧਾਨ ਸਭਾ ਸੀਟਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਾਂਗਰਸੀ ਕੌਂਸਲਰਾਂ, ਹਲਕਾ ਇੰਚਾਰਜਾਂ ਸਣੇ ਮੋਹਰੀ ਆਗੂਆਂ ਤੋਂ ਚੋਣਾਂ ਸਬੰਧੀ ਪ੍ਰਤੀਕਿਰਿਆ ਵੀ ਹਾਸਲ ਕੀਤੀ। ਮੀਟਿੰਗ ਵਿੱਚ ਔਰਤ ਵਰਕਰਾਂ ਨੇ ਇਸ ਗੱਲ ਦਾ ਮੁੱਦਾ ਚੁੱਕਿਆ ਕਿ ਕਾਂਗਰਸ 50 ਫੀਸਦ ਰਾਖਵਾਂਕਰਨ ਦੀ ਗੱਲ ਕਰ ਰਹੀ ਹੈ, ਪਰ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ।