ਗਗਨਦੀਪ ਅਰੋੜਾ
ਲੁਧਿਆਣਾ, 5 ਨਵੰਬਰ
ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ’ਤੇ ਐਕਸਾਈਜ਼ ਘਟਾਏ ਜਾਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੀ ਜਲਦ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਉਣ ਬਾਰੇ ਫੈਸਲਾ ਲੈ ਸਕਦੀ ਹੈ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਬਾਰੇ ਫੈਸਲਾ 6 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਲਵੇਗੀ।
ਅੱਜ ਲੁਧਿਆਣਾ ਵਿਖੇ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਲਈ ਵੀ ਭਾਰੀ ਰਾਹਤ ਦੇਣ ਦੀ ਇੱਛੁਕ ਹੈ ਪਰ ਅੰਤਿਮ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇਗਾ। ਵਿੱਤ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਐਕਸਾਈਜ਼ ਡਿਊਟੀ ਹਾਲੇ ਹੋਰ ਘੱਟ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ, ਪੁਲੀਸ, ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਹਰ ਖੇਤਰ ਦਾ ਧਿਆਨ ਰੱਖਣਾ ਹੈ ਅਤੇ ਲੋਕਾਂ ਲਈ ਕਈ ਸਮਾਜ ਭਲਾਈ ਸਕੀਮਾਂ ਚਲਾਉਣੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ਤੋਂ ਜ਼ਿਆਦਾ ਟੈਕਸ ਵਸੂਲਦੀ ਹੈ। ਕੇਂਦਰ ਸਰਕਾਰ ਪਿਛਲੇ ਇੱਕ ਸਾਲ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਵਾਧਾ ਕਰਦੀ ਆ ਰਹੀ ਹੈ, ਹੁਣ ਜਦੋਂ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਿਆ ਤੇ ਲੋਕਾਂ ਨੇ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਵਾ ਦਿੱਤੀਆਂ ਤਾਂ ਜਾ ਕੇ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦੀ ਐਕਸਾਈਜ਼ ਡਿਊਟੀ ਘੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਪੈਟਰੋਲ ਤੇ ਡੀਜ਼ਲ ਦੋਵੇਂ ’ਤੇ ਸੂਬਾ ਸਰਕਾਰ ਦੀ ਤੁਲਨਾ ਕਾਫ਼ੀ ਜ਼ਿਆਦਾ ਟੈਕਸ ਲੈਂਦੀ ਹੈ।
ਮੰਦਰ ਦੇ ਨਵੀਨੀਕਰਨ ਲਈ ਇੱਕ ਕਰੋੜ ਦੇਣ ਦਾ ਐਲਾਨ
ਸਨਅਤੀ ਸ਼ਹਿਰ ਵਿੱਚ ਸੂਬਾ ਪੱਧਰੀ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜਾ ਸਬੰਧੀ ਸਮਾਗਮ ਵਿੱਚ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਦਰ ਦੇ ਨਵੀਨੀਕਰਨ ਲਈ ਇੱਕ ਕਰੋੜ ਰੁਪਏ ਫੰਡ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਿਰਤ ਦੇ ਦੇਵਤਾ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਜੀ ਪੂਰੇ ਬ੍ਰਹਿਮੰਡ ਦੇ ਸ੍ਰੇਸ਼ਟ ਨਿਰਮਾਤਾ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜੋ ਵੀ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਦੇਖ ਰਹੇ ਹਾਂ, ਉਹ ਬਾਬਾ ਵਿਸ਼ਵਕਰਮਾ ਜੀ ਦੇ ਆਸ਼ੀਰਵਾਦ ਅਤੇ ਮਸ਼ੀਨੀ ਹੁਨਰ ਨਾਲ ਹੀ ਹੋ ਰਿਹਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਬਾਬਾ ਵਿਸ਼ਵਕਰਮਾ ਜੀ ਅੱਗੇ ਨਤਮਸਤਕ ਹੋਏ ਅਤੇ ਦੋਵਾਂ ਮੰਤਰੀਆਂ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ 10-10 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਨਅਤਕਾਰ ਵਨੀਤ ਮੌਦਗਿੱਲ, ਤਰਵਿੰਦਰ ਸਿੰਘ, ਸ਼ੈਲ ਵਿਨਾਇਕ, ਨੀਰਜ ਕੁਮਾਰ ਧੀਰ, ਹਰਵਿੰਦਰ ਸਿੰਘ ਧੀਮਾਨ, ਦੀਪਜੋਤ ਸਿੰਘ ਸੇਠੀ, ਨਿਖਿਲ ਢੰਡ, ਰੋਹਿਤ ਅਹੂਜਾ, ਤਰੁਣ ਨੰਦਾ, ਪੁਨੀਤ ਗੋਇਲ ਅਤੇ ਦੀਦਾਰਜੀਤ ਸਿੰਘ ਲੋਟੇ ਨੂੰ ਉਦਯੋਗ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਬਲਵੰਤ ਸਿੰਘ ਹੁੰਜਣ, ਜਸਕਰਨਦੀਪ ਸਿੰਘ, ਰਣਜੀਤ ਸਿੰਘ, ਅਰਬਿੰਦਰ ਸਿੰਘ, ਕਿਰਪਾਲ ਸਿੰਘ ਸਾਗਰ, ਦਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ। ਸਮਾਗਮ ਵਿੱਚ ਵਿਧਾਇਕਾਂ ਸੁਰਿੰਦਰ ਕੁਮਾਰ ਡਾਵਰ, ਸੰਜੇ ਤਲਵਾੜ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ, ਪੀ.ਐੱਸ.ਆਈ.ਡੀ.ਸੀ. ਦੇ ਚੇਅਰਮੈਨ ਕੇ.ਕੇ.ਬਾਵਾ, ਪੀ.ਐੱਲ.ਆਈ.ਡੀ.ਬੀ. ਦੇ ਚੇਅਰਮੈਨ ਪਵਨ ਦੀਵਾਨ, ਪੀ.ਐਲ.ਆਈ.ਡੀ.ਬੀ. ਦੇ ਸੀਨੀਅਰ ਵਾਈਸ ਚੇਅਰਮੈਨ ਰਮੇਸ਼ ਜੋਸ਼ੀ, ਈਸ਼ਵਰਜੋਤ ਸਿੰਘ ਚੀਮਾ, ਪਰਮਿੰਦਰ ਮਹਿਤਾ ਹਾਜ਼ਰ ਸਨ।