ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਦਸੰਬਰ
ਲੋਕ ਇਨਸਾਫ਼ ਪਾਰਟੀ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਉੱਤਰੀ ਦੇ ਇੰਚਾਰਜ ਰਣਧੀਰ ਸਿੰਘ ਸਿਵੀਆ ਨੇ ਹਲਕਾ ਉੱਤਰੀ ਦੇ ਵਿਧਾਇਕ ਰਾਕੇਸ਼ ਪਾਂਡੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਉਨ੍ਹਾਂ ਨੇ ਹਲਕਾ ਉੱਤਰੀ ਦਾ ਕੀ ਸੰਵਾਰਿਆ ਹੈ ਅਤੇ ਹਲਕੇ ਦੇ ਵਿਕਾਸ ਸਰਕਾਰਾਂ ਤੋਂ ਕਿਹੜਾ ਪ੍ਰੋਜੈਕਟ ਲੈ ਕੇ ਆਏ ਹਨ। ਅੱਜ ਇੱਥੇ ਹੋਈ ਇਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਹ ਆਗੂ ਸੱਤਾ ਵਿੱਚ ਰਹਿੰਦਿਆਂ ਉੱਤਰੀ ਹਲਕੇ ਵਿੱਚ ਕੋਈ ਤਹਿਸੀਲ, ਸਰਕਾਰੀ ਕਾਲਜ, ਹਸਪਤਾਲ, ਅੰਡਰ ਬਰਿਜ ਆਦਿ ਲਿਆਉਣ ਵਿੱਚ ਵੀ ਨਾਕਾਮ ਸਾਬਤ ਹੋਏ ਹਨ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਆਗੂਆਂ ਕਾਰਨ ਬੁੱਢਾ ਦਰਿਆ ਇਕ ਗੰਦੇ ਨਾਲੇ ਦਾ ਰੁੂਪ ਅਖਤਿਆਰ ਕਰ ਗਿਆ ਹੈ, ਜਿਸ ਕਾਰਨ ਆਸ-ਪਾਸ ਦੇ ਲੋਕ ਜਾਨਲੇਵਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਿਵੀਆ ਨੇ ਸੱਤਾਧਾਰੀ ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਥਾਂ-ਥਾਂ ਲਾਈਨਾਂ ਲਵਾ ਕੇ ਘਰ ਘਰ ਨੌਕਰੀ ਦੇ ਫਾਰਮ ਭਰਵਾਏ ਸਨ, ਪਰ ਵਿਧਾਇਕ ਪਾਂਡੇ ਨੇ ਆਪਣੇ ਹਲਕੇ ਦੇ ਬੇਰੁਜ਼ਗਾਰ ਨੌਜਵਾਨਾਂ ਦਾ ਹੱਕ ਮਾਰਦੇ ਹੋਏ ਆਪਣੇ ਪੁੱਤਰ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਿਵਾਈ।