ਗਗਨਦੀਪ ਅਰੋੜਾ
ਲੁਧਿਆਣਾ, 17 ਦਸੰਬਰ
ਜੇਕਰ ਭਾਰਤ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਬਣਾਉਣਾ ਹੈ ਤਾਂ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਦੇਸ਼ ਨੂੰ ਵਿਕਾਸ ਦੇ ਰਸਤੇ ’ਤੇ ਅੱਗੇ ਲਿਜਾਣ ਲਈ, ਜਿੱਥੇ ਵਪਾਰੀਆਂ ਨੂੰ ਮਿਹਨਤ ਦੇ ਨਾਲ ਕੰਮ ਕਰਨਾ ਪਵੇਗਾ, ਉਥੇ ਹੀ ਆਪਣਾ ਟੈਕਸ ਵੀ ਪੂਰਾ ਚੁਕਾਉਣਾ ਪਵੇਗਾ। ਹਰ ਵਿਅਕਤੀ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਮਾਨਦਾਰੀ ਨਾਲ ਟੈਕਸ ਅਦਾ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ। ਉਹ ਸ਼ੁੱਕਰਵਾਰ ਨੂੰ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਰੱਖੇ ਗਏ 43ਵੇਂ ਐਵਾਰਡ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਛੇ ਕਾਰੋਬਾਰੀਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਅੱਜ ਸਾਡਾ ਦੇਸ਼ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਇਸ ਕੰਮ ਵਿੱਚ ਨੌਜਵਾਨਾਂ ਨੂੰ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਰਾਜਪਾਲ ਬਨਵਾਰੀ ਲਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਜ਼ਿਲ੍ਹਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਥੇ ਮੌਜੂਦ ਡੀਸੀ ਵਰਿੰਦਰ ਸ਼ਰਮਾ ਨੇ ਜ਼ਿਲ੍ਹੇ ਭਰ ’ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਸਮੇਤ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਲਈ। ਉਨ੍ਹਾਂ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਰੀਵਿਊ ਕਰਦੇ ਹੋਏ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਨ੍ਹਾਂ ਸਰਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪੁੱਜਦਾ ਕੀਤਾ ਜਾਵੇ।
ਛੇ ਸਨਅਤਕਾਰਾਂ ਨੂੰ ਮਿਲਿਆ ਐਵਾਰਡ
ਇਸ ਮੌਕੇ ਸਤਪਾਲ ਮਿੱਤਲ ਲਾਈਫ਼ ਟਾਈਮ ਅਚੀਵਮੈਂਟ ਐਵਾਰਡ 2020 ਸਾਨਵੀ ਸ਼ਰਮਾ ਨੂੰ ਦਿੱਤਾ ਗਿਆ। ਵਰਧਮਾਨ ਐਵਾਰਡ ਫਾਰ ਇੰਟਰਪਨੋਅਰ ਆਫ਼ ਦਿ ਈਅਰ 2020 ਲੀਫੋਰਟ ਦੇ ਐੱਮਡੀ ਅਮਿਤ ਗੁਪਤਾ ਨੂੰ ਦਿੱਤਾ ਗਿਆ। ਦਆਨੰਦ ਮੁੰਜਾਲ ਐਵਾਰਡ ਫਾਰ ਮੈਨੇਜਰ ਆਫ਼ ਦਿ ਈਅਰ ਨਾਲ ਡਾ. ਵਿਸ਼ਵ ਮੋਹਨ ਨੂੰ ਸਨਮਾਨਿਤ ਕੀਤਾ ਗਿਆ। ਟ੍ਰਾਈਡੈਂਟ ਐਵਾਰਡ ਆਫ਼ ਇਨੋਵੇਟਿਵ ਇੰਟਰਪਨੋਅਰ ਆਫ਼ ਦਿ ਈਅਰ 2020 ਰਾਘਵ ਚੌਧਰੀ ਨੂੰ, ਸੋਹਨ ਲਾਲ ਪਾਹਵਾ ਐਵਾਰਡਜ਼ ਫਾਰ ਐਮਜਿੰਗ ਐੱਸਐੱਮਈ ਆਫ਼ ਦਿ ਈਅਰ 2020 ਅਰਜੁਨ ਸੇਠੀ ਅਤੇ ਹਰੀ ਚੰਦ ਐਵਾਰਡ ਫਾਰ ਕਾਰਪੋਰੇਟ ਸਿਟੀਜ਼ਨ ਗੁਰੂ ਨਾਨਕ ਇੰਡਸਟੀਰੀਅਲ ਕਾਰਪੋਰੇਸ਼ਨ ਦੇ ਐੱਮ.ਡੀ. ਜਤਿੰਦਰ ਮਨਚੰਦਾ ਨੂੰ ਦਿੱਤਾ ਗਿਆ।