ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਗਸਤ
ਸ਼ਹਿਰਾਂ ਦੇ ਸਰਕਾਰੀ ਸਮਾਰਟ ਸਕੂਲਾਂ ਦੇ ਰਾਹ ’ਤੇ ਹੁਣ ਪਿੰਡਾਂ ਵਿੱਚ ਬਣੇ ਸਰਕਾਰੀ ਸਕੂਲ ਵੀ ਚੱਲਣੇ ਸ਼ੁਰੂ ਹੋ ਗਏ ਹਨ। ਇਸ ਦੀ ਤਾਜ਼ਾ ਉਦਾਹਰਣ ਸੋਮਲ ਖੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਸਾਹਮਣੇ ਆਈ ਹੈ। ਇਸ ਸਕੂਲ ਨੇ ਇੰਚਾਰਜ ਰਾਣੀ ਦੀ ਅਗਵਾਈ ਹੇਠ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਸਿੱਖਿਆ ਵਿਭਾਗ ਪੰਜਾਬ ਦੀ ਫੇਸਬੁੱਕ ’ਤੇ ਆਪਣੀ ਥਾਂ ਬਣਾਈ ਹੈ। ਪਿਛਲੇ ਸਮੇਂ ਦੌਰਾਨ ਲੁਧਿਆਣਾ ਸ਼ਹਿਰ ਵਿੱਚੋਂ ਅਨੇਕਾਂ ਸਕੂਲਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਸਮਾਰਟ ਸਕੂਲਾਂ ਵਿੱਚ ਆਪੋ-ਆਪਣੇ ਨਾਂ ਦਰਜ ਕਰਵਾਏ ਹਨ। ਪਿੰਡ ਸੋਮਲ ਖੇੜੀ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੇ ਜਿੱਥੇ ਵਿਦਿਆਰਥੀਆਂ ਦੇ ਦਾਖ਼ਲੇ ਵਧਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ ਉੱਥੇ ਸਕੂਲ ਦੀ ਦਿੱਖ ਨੂੰ ਸੁੰਦਰ ਬਣਾ ਕਿ ਆਪਣੀ ਵੱਖਰੀ ਪਛਾਣ ਬਣਾਈ ਹੈ। ਸਕੂਲ ਦੀ ਇੰਚਾਰਜ ਨੇ ਦੱਸਿਆ ਕਿ ਪਿਛਲੇ ਸਾਲ ਸਕੂਲ ਵਿੱਚ 44 ਵਿਦਿਆਰਥੀ ਸਨ, ਜੋ ਇਸ ਸਾਲ ਵਧ ਕਿ 62 ਹੋ ਗਏ ਹਨ। ਉਨ੍ਹਾਂ ਨੂੰ ਵੱਧ ਦਾਖਲੇ ਲਈ ਪ੍ਰਸ਼ੰਸਾ ਪੱਤਰ ਵੀ ਮਿਲ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਉਨ੍ਹਾਂ ਸਣੇ ਦੋ ਈਟੀਟੀ ਅਧਿਆਪਕ, ਇੱਕ ਆਈਈਵੀ, ਇੱਕ ਆਈਈਆਰਟੀ ਅਤੇ ਦੋ ਕੁੱਕ ਹਨ। ਸਮਾਰਟ ਸਕੂਲ ਬਣਨ ਵੇਲੇ ਵਿਭਾਗ ਵੱਲੋਂ 50 ਹਜ਼ਾਰ ਦੀ ਗ੍ਰਾਂਟ ਮਿਲੀ ਸੀ, ਜਿਸ ਰਾਹੀਂ ਸਕੂਲ ਨੂੰ ਸੁੰਦਰ ਦਿੱਖ ਦਿੱਤੀ ਗਈ ਹੈ। ਮੌਜੂਦਾ ਸਮੇਂ ਸਕੂਲ ਵਿੱਚ ਐਜੂਕੇਸ਼ਨ ਪਾਰਕ ਬਣਿਆ ਹੋਇਆ ਹੈ ਜਿਸ ਵਿੱਚ ਗਣਿਤ ਪਾਰਕ, ਟਰੈਫ਼ਿਕ ਪਾਰਕ ਆਦਿ ਸ਼ਾਮਿਲ ਹਨ। ਸਕੂਲ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵੀ ਸੈਂਟਰ ਬਣਿਆ ਹੋਇਆ ਹੈ ਜਿੱਥੇ ਮੌਜੂਦਾ ਸਮੇਂ 10 ਵਿਦਿਆਰਥੀਆਂ ਨੇ ਦਾਖਲਾ ਲਿਆ ਹੋਇਆ ਹੈ।