ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਦਸੰਬਰ
ਪੰਜਾਬ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜ਼ਦਾਰਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਜਿਸ ਸਬੰਧੀ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਹਲਕਾ ਲੁਧਿਆਣਾ ਦੇ ਐੱਸ.ਸੀ. ਕਾਰਪੋਰੇਸ਼ਨ ਦੇ 38 ਕਰਜ਼ਦਾਰਾਂ ਨੂੰ 16.13 ਲੱਖ ਰੁਪਏ ਦੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਕਰਜ਼ਦਾਰਾਂ ਵੱਲੋਂ ਸਾਂਝੇ ਤੌਰ ’ਤੇ ਕਿਹਾ ਗਿਆ ਕਰੋਨਾ ਮਹਾਮਾਰੀ ਕਰਕੇ ਉਨ੍ਹਾਂ ਦੇ ਕੰਮਕਾਜ ਠੱਪ ਹੋ ਗਏ ਸਨ ਜਿਸ ਕਰਕੇ ਉਹ ਕਰਜ਼ਾ ਮੋੜਨ ਵਿੱਚ ਅਸਮਰੱਥ ਸਨ ਅਤੇ ਇਸ ਔਖੀ ਘੜੀ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਵਿਅਕਤੀਆ ਦਾ ਕਰਜ਼ਾ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਗਈ। ਕੈਬਨਿਟ ਮੰਤਰੀ ਆਸ਼ੂ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ 40 ਫੀਸਦ ਤੋਂ ਵੱਧ ਅੰਗਹੀਣ ਵਿਅਕਤੀ ਨੂੰ ਬਹੁਤ ਹੀ ਘੱਟ ਵਿਆਜ਼ ਤੇ ਸਵੈ-ਰੋਜ਼ਗਾਰ ਲਈ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਪੱਕੇ ਸਫਾਈ ਕਰਮਚਾਰੀਆਂ ਤੇ ਆਸ਼ਰਿਤ ਵਿਅਕਤੀ ਜੋ ਸਵੈ-ਰੋਜ਼ਗਾਰ ਚਲਾਉਣਾ ਚਾਹੁੰਦੇ ਹਨ, ਨੂੰ ਵੀ ਕਾਰਪੋਰੇਸ਼ਨ ਵੱਲੋਂ ਕਰਜ਼ਾ ਦਿੱਤਾ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਈ ਲੋਕ ਪੱਖੀ ਕਦਮਾਂ ਦੀ ਸੂਚੀ ਦਿੰਦਿਆਂ ਉਨ੍ਹਾਂ ਕਿਹਾ ਕਿ 1500 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ ਹਨ, ਪੇਂਡੂ ਖੇਤਰਾਂ ਵਿੱਚ 1200 ਕਰੋੜ ਰੁਪਏ ਦੇ ਬਿੱਲ ਮੁਆਫ਼ ਕੀਤੇ ਗਏ, ਪਾਣੀ ਦੇ ਬਿੱਲ ਨੂੰ ਘਟਾ ਕੇ 50 ਰੁਪਏ ਕੀਤਾ ਗਿਆ ਹੈ ਅਤੇ ਰੇਤ ਦੇ ਰੇਟ ਵੀ ਬਹੁਤ ਘਟਾ ਦਿੱਤੇ ਗਏ ਹਨ। ਇਸ ਮੌਕੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਾਈਸ ਚੇਅਰਮੈਨ ਨਰੇਸ਼ ਧੀਂਗਾਨ, ਡੀ.ਐਮ. ਵਿਜੈ ਕੁਮਾਰ, ਜਨਰਲ ਸਕੱਤਰ ਭੁਪਿੰਦਰ ਸਿੰਘ ਵੀ ਹਾਜ਼ਰ ਸਨ।