ਸੰਤੋਖ ਗਿੱਲ
ਗੁਰੂਸਰ ਸੁਧਾਰ, 4 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਯੂਨੀਅਨ ਵੱਲੋਂ ਅੱਜ ਨੌਵੇਂ ਦਿਨ ਵੀ ਕੋਟ ਆਗਾ ਵਿਚ ਪੱਕਾ ਮੋਰਚਾ ਜਾਰੀ ਰਿਹਾ। ਪ੍ਰਦਰਸ਼ਨਕਾਰੀ ਕਿਸਾਨ-ਮਜ਼ਦੂਰ, ਬੀਬੀਆਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਕੁਲਦੀਪ ਸਿੰਘ ਗਰੇਵਾਲ ਅਤੇ ਰੋਡ ਸੰਘਰਸ਼ ਯੂਨੀਅਨ ਦੇ ਪ੍ਰਧਾਨ ਬਿਕਰਜੀਤ ਸਿੰਘ ਕਾਲਖ ਕਿਹਾ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਨਾਲ ਫੋਕੀ ਹਮਦਰਦੀ ਛੱਡ ਕੇ ਉਨ੍ਹਾਂ ਦੀ ਬਾਂਹ ਫੜੇ ਅਤੇ ਉਨ੍ਹਾਂ ਨੂੰ ਜ਼ਮੀਨਾਂ ਦਾ ਢੁੱਕਵਾਂ ਮੁਆਵਜ਼ਾ ਦੇਵੇ।
ਕਿਸਾਨ ਆਗੂ ਪਰਮਜੀਤ ਸਿੰਘ ਕੋਟ ਆਗਾ, ਸਾਧੂ ਸਿੰਘ ਪੰਜੇਟਾ, ਜਸਵੰਤ ਸਿੰਘ ਭੱਟੀਆਂ, ਕੁਲਦੀਪ ਸਿੰਘ ਗੁੱਜਰਵਾਲ, ਗੁਰਿੰਦਰ ਸਿੰਘ ਜੁੜਾਹਾਂ, ਜਸਵੀਰ ਸਿੰਘ ਕੋਟ ਆਗਾ ਅਤੇ ਬੀਬੀ ਹਰਪ੍ਰੀਤ ਕੌਰ ਗੁੱਜਰਵਾਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਜ਼ਿਆਦਾ ਫ਼ਿਕਰਮੰਦੀ ਹੈ, ਇਸੇ ਕਾਰਨ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਜਬਰੀ ਗ੍ਰਹਿਣ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀਆਂ ਹਨ। ਹੁਣ ਜ਼ਮੀਨ, ਜਵਾਨੀ ਅਤੇ ਪਾਣੀ ਬਚਾਉਣ ਲਈ ਸੰਘਰਸ਼ ਬਿਨਾ ਕੋਈ ਰਾਹ ਨਹੀਂ ਬਚਿਆ ਹੈ।