ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਅਪਰੈਲ
ਮਾਛੀਵਾੜਾ ਦਾਣਾ ਮੰਡੀ ਦੇ ਉਪ ਖਰੀਦ ਕੇਂਦਰ ਬੁਰਜ ਪਵਾਤ ਵਿੱਚ ਐੱਫਸੀਆਈ ਵੱਲੋਂ ਫਸਲ ਖਰੀਦ ਕੀਤੀ ਜਾਣੀ ਹੈ। ਮੰਡੀ ਵਿੱਚ ਬੈਠੇ ਕਿਸਾਨ ਅਜਮੇਰ ਸਿੰਘ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 4 ਦਿਨ ਤੋਂ ਆਪਣੀ ਫਸਲ ਵੇਚਣ ਮੰਡੀ ’ਚ ਆਏ ਹੋਏ ਹਨ ਪਰ ਖਰੀਦ ਏਜੰਸੀ ਐੱਫਸੀਆਈ ਵਲੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਉਨ੍ਹਾਂ ਦੀ ਫਸਲ ਖਰੀਦ ਮਾਪਦੰਡਾਂ ਵਿਚ ਖ਼ਰੀ ਨਹੀਂ ਉੱਤਰੀ ਕਿਉਂਕਿ ਇਸ ਵਿਚ ਬਰੀਕ ਦਾਣਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਕਹਿਰ ਦੀ ਗਰਮੀ ਅਗੇਤੀ ਪੈਣ ਕਾਰਨ ਫਸਲ ਦਾ ਦਾਣਾ ਬਰੀਕ ਰਹਿ ਗਿਆ ਜਿਸ ਕਾਰਨ ਝਾੜ ਤਾਂ ਘਟਿਆ ਹੈ ਉੱਥੇ ਹੁਣ ਉਨ੍ਹਾਂ ਨੂੰ ਫਸਲ ਵੇਚਣ ’ਚ ਵੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੱਛਰਾਂ ਦੀ ਭਰਮਾਰ ਹੇਠ ਰਾਤਾਂ ਮੰਡੀਆਂ ’ਚ ਕੱਟਣ ਨੂੰ ਮਜਬੂਰ ਹੋ ਗਏ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਖਰੀਦ ਏਜੰਸੀਆਂ ਨੂੰ ਨਿਰਦੇਸ਼ ਦੇਵੇ ਕਿ ਫਸਲ ਨੂੰ ਤੁਰੰਤ ਖਰੀਦਿਆ ਜਾਵੇ।
ਕਣਕ ਦੇ ਸੈਂਪਲ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਹਨ: ਖਰੀਦ ਏਜੰਸੀ
ਬੁਰਜ ਪਵਾਤ ਵਿੱਚ ਮੰਡੀ ’ਚ ਕਣਕ ਦੀ ਖਰੀਦ ਕਰ ਰਹੇ ਐੱਫਸੀਆਈ ਦੇ ਨੁਮਾਇੰਦੇ ਰੋਹਿਤ ਨੇ ਦੱਸਿਆ ਕਿ ਜੋ ਫਸਲ ਵਿਕਣ ਆਈ ਹੈ ਉਸ ਵਿਚ ਬਰੀਕ ਦਾਣਾ ਬਹੁਤ ਹੈ ਅਤੇ ਨਿਯਮਾਂ ਅਨੁਸਾਰ ਕੇਵਲ 6 ਫੀਸਦੀ ਬਰੀਕ ਦਾਣੇ ਵਾਲੀ ਹੀ ਫਸਲ ਖਰੀਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਸੈਂਪਲ ਆਪਣੇ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਹਨ ਅਤੇ ਜੇ ਉਹ ਨਿਰਦੇਸ਼ ਦੇਣਗੇ ਤਾਂ ਉਹ ਖਰੀਦ ਭਲਕੇ ਤੋਂ ਸ਼ੁਰੂ ਕਰ ਦੇਣਗੇ।