ਗਗਨਦੀਪ ਅਰੋੜਾ
ਲੁਧਿਆਣਾ, 30 ਅਕਤੂਬਰ
ਇਥੋਂ ਦੀ ਪੁਲੀਸ ਨੇ ਅੱਜ ਪਹਿਲਕਦਮੀ ਕਰਦੇ ਹੋਏ ਪੁਲੀਸ ਥਾਣਿਆਂ ਵਿਚ ਸਾਲਾਂ ਤੋਂ ਕਿਸੇ ਨਾ ਕਿਸੇ ਕੇਸ ਵਿਚ ਬੰਦ ਪਏ ਵਾਹਨ ਤੇ ਹੋਰ ਸਾਮਾਨ ਨੂੰ ਕੈਂਪ ਲਾ ਕੇ ਲੋਕਾਂ ਹਵਾਲੇ ਕੀਤਾ। ਇਸ ਕੈਂਪ ਵਿਚ ਸਨਅਤੀ ਸ਼ਹਿਰ ਦੇ ਸਾਰੇ ਹੀ ਪੁਲੀਸ ਥਾਣਿਆਂ ਦੇ ਕਾਊਂਟਰ ਲਾਏ ਗਏ ਜਿੱਥੋਂ ਲੋਕਾਂ ਨੂੰ ਉਨ੍ਹਾਂ ਦੇ ਵਾਹਨ, ਕੈਸ਼ ਤੇ ਹੋਰ ਸਾਮਾਨ ਦਿੱਤਾ ਗਿਆ। ਇਸ ਮੌਕੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕੈਂਪ ਦਾ ਦੌਰਾ ਕੀਤਾ। ਪੁਲੀਸ ਕਮਿਸ਼ਨਰ ਨੇ ਖੁਦ ਕਈ ਲੋਕਾਂ ਨੂੰ ਉਨ੍ਹਾਂ ਦਾ ਸਮਾਨ ਵਾਪਸ ਕੀਤਾ।
ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਜਿਹੜੇ ਸਾਮਾਨ ਲੈਣ ਨਹੀਂ ਆਏ ਉਨ੍ਹਾਂ ਦੀ ਸਹੂਲਤ ਲਈ ਥਾਣਿਆਂ ’ਚ 21 ਨਵੰਬਰ ਤਕ ਕੈਂਪ ਲਾਏ ਜਾਣਗੇ।
ਅਦਾਲਤ ਰਾਹੀਂ ਵਾਹਨ ਲੈ ਚੁੱਕੇ ਮਾਲਕਾਂ ਦੇ ਦੁਬਾਰਾ ਵਾਹਨ ਮੰਗਵਾਏ਼
ਇਸ ਮੌਕੇ ਲੋਕਾਂ ਨੇ ਦੋਸ਼ ਲਾਇਆ ਕਿ ਪੁਲੀਸ ਕਮਿਸ਼ਨਰ ਅੱਗੇ ਆਪਣੇ ਨੰਬਰ ਬਣਾਉਣ ਦੇ ਚੱਕਰ ਵਿਚ ਕਈ ਪੁਲੀਸ ਥਾਣਿਆਂ ਦੇ ਐਸਐਚਓ ਨੇ ਗਲਤ ਤਰੀਕੇ ਨਾਲ ਲੋਕਾਂ ਨੂੰ ਦੁਬਾਰਾ ਕੈਂਪ ਵਿਚ ਸੱਦਿਆ, ਜਿਸ ’ਤੇ ਲੋਕਾਂ ਨੇ ਦੋਸ਼ ਲਗਾਏ ਕਿ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੀ ਗੱਡੀ ਥਾਣਾ ਡਵੀਜ਼ਨ ਨੰਬਰ 3 ਨੇ ਸ਼ਰਾਬ ਦੇ ਮਾਮਲੇ ਵਿਚ ਫੜੀ ਸੀ, ਜੋ ਉਹ ਅਦਾਲਤ ਜ਼ਰੀਏ ਲੈ ਚੁੱਕੇ ਸਨ ਪਰ ਦੋ ਦਿਨ ਪਹਿਲਾਂ ਉਨ੍ਹਾਂ ਨੂੂੰ ਫੋਨ ਆਇਆ ਤੇ ਉਸਦੀ ਗੱਡੀ ਥਾਣਾ ਡਿਵੀਜ਼ਨ ਨੰਬਰ 3 ਦੇ ਐਸਐਚਓ ਨੇ ਥਾਣੇ ਰੱਖ ਲਈ ਤੇ ਕਿਹਾ ਕਿ ਉਸ ਦੀ ਗੱਡੀ ਉਸ ਨੂੰ ਕੈਂਪ ਵਿਚ ਦਿੱਤੀ ਜਾਵੇਗੀ ਤੇ ਅੱਜ ਫਿਰ ਉਸ ਨੂੰ ਕੈਂਪ ਵਿਚ ਚਾਬੀ ਦੇ ਕੇ ਫੋਟੋ ਖਿਚਵਾਈ ਗਈ।
ਪਾਇਲ ਪੁਲੀਸ ਵੱਲੋਂ ਭਗੌੜਾ ਕਾਬੂ
ਪਾਇਲ (ਪੱਤਰ ਪ੍ਰੇਰਕ): ਐੱਸਐੱਚਓ ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਪਿੰਡ ਜੱਲ੍ਹਾ ਨੂੰ ਚਾਰ ਸਾਲ ਪਹਿਲਾਂ ਭਗੌੜਾ ਕਰਾਰ ਦਿੱਤਾ ਗਿਆ ਸੀ। ਉਸ ਨੂੰ ਮੁਖਬਰ ਦੀ ਇਤਲਾਹ ’ਤੇ ਥਾਣੇਦਾਰ ਪ੍ਰਗਟ ਸਿੰਘ, ਹੌਲਦਾਰ ਰਾਜਵਿੰਦਰ ਸਿੰਘ ਤੇ ਸਿਪਾਹੀ ਪਵਿੱਤਰ ਸਿੰਘ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਉੱਕਤ ਦੋਸ਼ੀ ਪੰਜਾਬ ਪੁਲੀਸ ਦਾ ਸਾਬਕਾ ਮੁਲਾਜ਼ਮ ਹੈ।