ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੁਲਾਈ
ਗਿਆਸਪੁਰਾ ਇਲਾਕੇ ਵਿੱਚ ਅੱਜ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਪੁਲੀਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਰਚ ਮੁਹਿੰਮ ਚਲਾਈ। ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇੱਕ ਪੈਦਲ ਮਾਰਚ ਰਾਹੀਂ ਜਿੱਥੇ ਸਥਾਨਕ ਲੋਕਾਂ ਨੂੰ ਸਰਕਾਰ ਵਿਰੋਧੀ ਮੁਹਿੰਮ ਬਾਰੇ ਜਾਗਰੂਕ ਕੀਤਾ, ਉੱਥੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਮਾੜੇ ਅਨਸਰਾਂ ਦੀ ਪੁਸ਼ਤਪਨਾਹੀ ਵਾਲੀਆਂ ਸਰਕਾਰਾਂ ਹੁਣ ਨਹੀਂ ਰਹੀਆਂ।
ਵਿਧਾਇਕਾ ਛੀਨਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਜਿਸ ਤਹਿਤ ਪੰਜਾਬ ਵਿੱਚ ਨਸ਼ਾ ਵਿਰੋਧੀ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਉਹ ਸਰਕਾਰਾਂ ਨਹੀਂ ਹਨ ਜੋ ਮਾੜੇ ਅਨਸਰਾਂ ਦੀ ਪੁਸ਼ਤ ਪਨਾਹੀ ਕਰਦੀਆਂ ਸਨ ਅਤੇ ਗ਼ੈਰਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਹੁਣ ਮਾੜੇ ਕੰਮਾਂ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਤੇ ਪੰਜਾਬੀ ਨੌਜਵਾਨਾਂ ਦਾ ਘਾਣ ਨਹੀਂ ਕਰਨ ਦਿੱਤਾ ਜਾਵੇਗਾ, ਕੋਈ ਵੀ ਸਮਾਜ ਵਿਰੋਧੀ ਕੰਮ ਕਰੇਗਾ ਤਾਂ ਉਹ ਸਿੱਧਾ ਸਲਾਖਾਂ ਪਿੱਛੇ ਜਾਵੇਗਾ। ਪੁਲੀਸ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਵੱਖ-ਵੱਖ ਇਲਾਕਿਆਂ ਵਿੱਚ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਹਨ ਜਿਸ ਦਾ ਮਕਸਦ ਸਿੱਧੇ ਤੌਰ ’ਤੇ ਆਮ ਲੋਕਾਂ ਅੰਦਰ ਜਿੱਥੇ ਵਿਸ਼ਵਾਸ਼ ਪੈਦਾ ਕਰਨਾ ਹੈ, ਉੱਥੇ ਉਨ੍ਹਾ ਲੋਕਾਂ ਨੂੰ ਸਖਤ ਤਾੜਨਾ ਹੈ ਜੋ ਸਮਾਜ ਅੰਦਰ ਜ਼ਹਿਰ ਘੋਲ ਰਹੇ ਹਨ।