ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਮਈ
ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਵੱਲੋਂ ਸਥਾਨਕ ਗਿਆਸਪੁਰਾ ਵਿੱਚ ਕੂੜੇ ਦੇ ਡੰਪ ਦਾ ਦੌਰਾ ਕੀਤਾ ਗਿਆ। ਇਸ ਮੌਕੇ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੀ ਮੌਜੂਦ ਸਨ।
ਜ਼ੋਨਲ ਕਮਿਸ਼ਨਰ ਜ਼ੋਨ ਸੀ ਡਾ. ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਇੱਥੇ ਲੱਗਣ ਵਾਲੇ ਸਟੈਟਿਕ ਕੰਪੈਕਟਰ ਦਾ ਕੰਮ ਅਖੀਰਲੇ ਪੜਾਅ ’ਤੇ ਹੈ। ਉਨ੍ਹਾ ਇਹ ਵੀ ਦੱਸਿਆ ਕਿ ਇੱਥੇ 3 ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ ਅਤੇ ਜਦੋਂ ਇਹ ਕੰਪੈਕਟਰ ਪੂਰੀ ਤਰ੍ਹਾਂ ਕਾਰਜ਼ਸ਼ੀਲ ਹੋ ਜਾਣਗੇ ਤਾਂ ਰੋਜ਼ਾਨਾ ਆਉਂਦੇ ਕੂੜੇ ਦਾ ਨਿਪਟਾਰਾ ਮੌਕੇ ’ਤੇ ਕੀਤਾ ਜਾਵੇਗਾ। ਉਨ੍ਹਾਂ ਵਿਧਾਇਕ ਛੀਨਾ ਨੂੰ ਦੱਸਿਆ ਕਿ ਇਸ ਡੰਪ ’ਤੇ ਪਹਿਲਾਂ ਤੋਂ ਲੱਗੇ ਕੂੜੇ ਦੇ ਢੇਰ ਨੂੰ ਚੁਕਵਾਇਆ ਜਾ ਰਿਹਾ ਹੈ ਅਤੇ ਇਸ ਦੇ ਜਲਦ ਨਿਪਟਾਰੇ ਲਈ ਕੰਮ ਵਿੱਚ ਤੇਜ਼ੀ ਲਿਆਉਣ ਲਈ ਨਗਰ ਨਿਗਮ ਦੀ ਸਿਹਤ ਸ਼ਾਖਾ ਨੂੰ ਕਹਿ ਦਿੱਤਾ ਗਿਆ ਹੈ।
ਇਸ ਮੌਕੇ ਵਿਧਾਇਕ ਛੀਨਾ ਅਤੇ ਡਾ.ਪੂਨਮ ਨੇ ਸਥਾਨਕ ਲੋਕਾਂ ਦੀਆਂ ਕੂੜਾ ਕਰਕਟ ਅਤੇ ਪ੍ਰਦੂਸ਼ਣ ਨਾਲ ਸਬੰਧਤ ਮੁਸ਼ਕਲਾਂ ਵੀ ਸੁਣੀਆਂ ਅਤੇ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਕੂੜੇ ਦੇ ਲੱਗੇ ਢੇਰਾਂ ਤੋਂ ਨਿਜਾਤ ਮਿਲੇਗੀ।
ਡੰਪ ਦੇ ਦੌਰੇ ਦੌਰਾਨ ਜ਼ੋਨਲ ਕਮਿਸ਼ਨਰ ਨੇ ਮੁਲਾਜ਼ਮਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਗਾਹ ਕੀਤਾ ਜਾਵੇ ਕਿ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ’ਤੇ ਨਿਗ੍ਹਾ ਰੱਖੀ ਜਾਵੇ ਤਾਂ ਜੋ ਉਨ੍ਹਾਂ ਦੇ ਮੌਕੇ ’ਕੇ ਹੀ ਚਾਲਾਨ ਕੀਤੇ ਜਾ ਸਕਣ।