ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੁਲਾਈ
ਰੰਗਦਾਰੀ ਨਾ ਮਿਲਣ ’ਤੇ ਡਾਬਾ ਰੋਡ ਦੀ ਪ੍ਰਿੰਸ ਗੈਲਰੀ ’ਚ ਦੁਕਾਨ ਮਾਲਕ ’ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਅਰਵਿੰਦਰ ਸਿੰਘ ਉਰਫ਼ ਅਮਨ ਟੈਟੂ ਨੂੰ ਸੀਆਈਏ-3 ਦੀ ਪੁਲੀਸ ਨੇ ਕਾਬੂ ਕਰ ਲਿਆ ਹੈ। ਪੁਲੀਸ ਨੇ ਅਮਨ ਟੈਟੂ ਦੇ ਨਾਲ ਵਾਰਦਾਤ ’ਚ ਸ਼ਾਮਲ ਉਸਦੇ 2 ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਪੁਲੀਸ ਨੇ ਆਲਮਗੀਰ ਸਥਿਤ ਇੱਕ ਖਾਲੀ ਪਲਾਟ ’ਚੋਂ ਕਾਬੂ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ’ਚੋਂ ਪੁਲੀਸ ਨੂੰ ਇਕ ਦੇਸੀ ਪਿਸਤੌਲ 32 ਬੋਰ ਤੇ 11 ਕਾਰਤੂਸ ਤੇ 12 ਬੋਰ ਦੀ ਬੰਦੂਕ ਦੇ ਨਾਲ ਨਾਲ ਇੱਕ ਕਾਰਤੂਸ ਵੀ ਮਿਲਿਆ ਹੈ। ਪੁਲੀਸ ਨੇ ਅਮਨ ਟੈਟੂ ਦੇ ਨਾਲ ਉਸਦੇ ਸਾਥੀ ਬਾਬਾ ਫਤਹਿ ਸਿੰਘ ਨਗਰ ਵਾਸੀ ਅਭਿਸ਼ੇਕ ਸ਼ਰਮਾ ਉਰਫ਼ ਗੋਲੂ ਅਤੇ ਦੀਪ ਕੁਮਾਰ ਉਰਫ਼ ਦੀਪੀ ਗਿੱਲ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦਾ ਇੱਕ ਦਿਨਾਂ ਰਿਮਾਂਡ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਸੀਆਈਏ-3 ਦੇ ਇੰਚਾਰਜ ਸਬ ਇੰਸਪੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਰੰਗਦਾਰੀ ਲਈ ਪ੍ਰਿੰਸ ਗੈਲਰੀ ਦੇ ਅੰਦਰ ਦਾਖਲ ਹੋਇਆ ਸੀ। ਜਦੋਂ ਉਸਨੂੰ ਪੈਸੇ ਨਾ ਮਿਲੇ ਤਾਂ ਉਸਦੀ ਮਾਲਕ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਮਾਲਕ ’ਤੇ ਉਸਨੇ ਗੋਲੀ ਚਲਾ ਦਿੱਤੀ ਪਰ ਦੁਕਾਨ ਮਾਲਕ ਬਚ ਗਿਆ।