ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਸਤੰਬਰ
ਗਲਾਡਾ ਵੱਲੋਂ ਅੱਜ ਪੰਜ ਗੈਰਕਾਨੂੰਨੀ ਕਲੋਨੀਆਂ ’ਤੇ ਕਾਰਵਾਈ ਕੀਤੀ ਗਈ। ਗਲਾਡਾ ਅਧਿਕਾਰੀਆਂ ਨੇ ਅਣ-ਅਧਿਕਾਰਤ ਕਲੋਨੀਆਂ ’ਤੇ ਪੀਲਾ ਪੰਜਾ ਚਲਾ ਦਿੱਤਾ। ਇਨ੍ਹਾਂ ਅਣ-ਅਧਿਕਾਰਤ ਕਲੋਨੀਆਂ ਨੂੰ ਪਹਿਲਾਂ ਹੀ ਪਾਪਰਾ ਐਕਟ 1995 (ਅਮੈਂਡਿਡ ਐਕਟ-2014) ਦੀ ਧਾਰਾ 39 ਅਧੀਨ ਢਾਹੁਣ ਦੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਸਨ। ਪੁਲੀਸ ਫੋਰਸ ਨਾਲ ਡਾ. ਬਲਜਿੰਦਰ ਸਿੰਘ ਢਿੱਲੋਂ, ਅਸਟੇਟ ਅਫ਼ਸਰ (ਰੈਗੂਲੇਟਰੀ) ਗਲਾਡਾ ਅਤੇ 3 ਜੇ.ਈਜ਼ ਅਤੇ ਡਿਊਟੀ ਮੈਜਿਸਟ੍ਰੇਟ ਮਨਵੀਰ ਕੌਰ ਸਿੱਧੂ (ਨਾਇਬ ਤਹਿਸੀਲਦਾਰ, ਸਾਹਨੇਵਾਲ) ਸਣੇ ਚਾਰ ਐਸਡੀਓ ਗਲਾਡਾ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਡਿਮੋਲੇਸ਼ਨ ਟੀਮ ਗਠਿਤ ਕੀਤੀ ਗਈ ਹੈ। ਅਣ-ਅਧਿਕਾਰਤ ਕਲੋਨੀਆਂ ਨੂੰ ਢਹਿ-ਢੇਰੀ ਕਰਨ ਸਬੰਧੀ ਮੁਹਿੰਮ ਅਮਰਪ੍ਰੀਤ ਕੌਰ ਸੰਧੂ ਮੁੱਖ ਪ੍ਰਸ਼ਾਸਕ ਗਲਾਡਾ ਵੱਲੋਂ ਯੋਜਨਾਬੱਧ ਕੀਤੀ ਗਈ। ਇਸ ਕਾਰਵਾਈ ਵਿੱਚ ਗਲਾਡਾ ਵੱਲੋਂ 3 ਪਿੰਡਾਂ ਜਸਪਾਲ ਬਾਂਗਰ, ਧਰੋੜ ਅਤੇ ਮਜਾਰਾ ਦੀਆਂ 5 ਕਲੋਨੀਆਂ ਨੂੰ ਢਾਹਿਆ ਗਿਆ ਹੈ। ਗਲਾਡਾ ਵੱਲੋਂ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਅਣ-ਅਧਿਕਾਰਤ ਕਲੋਨੀਆਂ ’ਤੇ ਕਾਰਵਾਈ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।
ਇਸ ਦੌਰਾਨ ਮੁੱਖ ਪ੍ਰਸ਼ਾਸਕ ਗਲਾਡਾ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਣ-ਅਧਿਕਾਰਤ ਕਲੋਨੀਆਂ ਵਿੱਚ ਜਾਇਦਾਦ, ਪਲਾਟ, ਬਿਲਡਿੰਗ ਨਾ ਖਰੀਦਣ ਕਿਉਂਕਿ ਗਲਾਡਾ ਕੋਈ ਵੀ ਸਹੂਲਤ ਜਿਵੇਂ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਨਹੀਂ ਲਗਾਈਆਂ ਜਾਣਗੀਆਂ।