ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੂਨ
ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਵਾਸ਼ਿੰਗਟਨ ਡੀ.ਸੀ. ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ (ਰੇਲੋ) ਦੇ ਸਹਿਯੋਗ ਨਾਲ ਅੰਗਰੇਜ਼ੀ ਅਧਿਆਪਕਾਂ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀਤੀ ਸ਼ਾਮ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਪੰਜਾਬ ਭਰ ਤੋਂ 320 ਅੰਗਰੇਜ਼ੀ, ਸਮਾਜਿਕ ਸਿੱਖਿਆ ਦੇ ਅਧਿਆਪਕਾਂ ਨੇ ਸਰਗਰਮੀ ਨਾਲ ਭਾਗ ਲਿਆ। ਸਿਖਲਾਈ ਸੈਸ਼ਨ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਡਾਇਰੈਕਟਰ ਐਜੂਕੇਸ਼ਨ ਜੀਐਨਸੀਟੀ ਦਿੱਲੀ ਦੇ ਪ੍ਰਮੁੱਖ ਸਲਾਹਕਾਰ ਸ਼ੈਲੇਂਦਰ ਸ਼ਰਮਾ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਓਐੱਸਡੀ ਡਾ. ਪ੍ਰਵੀਨ ਚੌਧਰੀ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਡਾ. ਮਨਿੰਦਰ ਸਰਕਾਰੀਆ, ਸਹਾਇਕ ਡਾਇਰੈਕਟਰ ਰਾਜੇਸ਼ ਭਾਰਦਵਾਜ, ਸਹਾਇਕ ਡਾਇਰੈਕਟਰ ਗੁਰਜੀਤ ਸਿੰਘ, ਸਟੇਟ ਰਿਸੋਰਸ ਪਰਸਨ ਚੰਦਰ ਸ਼ੇਖਰ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਖੇਤਰੀ ਅੰਗਰੇਜ਼ੀ ਭਾਸ਼ਾ ਦਫਤਰ, ਅਮਰੀਕਨ ਅੰਬੈਸੀ ਵਿਖੇ ਖੇਤਰੀ ਅੰਗਰੇਜ਼ੀ ਭਾਸ਼ਾ ਅਫਸਰ ਰੂਥ ਗੂਡੇ, ਖੇਤਰੀ ਅੰਗਰੇਜ਼ੀ ਭਾਸ਼ਾ ਦਫਤਰ ਅਮਰੀਕਨ ਅੰਬੈਸੀ ਵਿਖੇ ਖੇਤਰੀ ਅੰਗਰੇਜ਼ੀ ਭਾਸ਼ਾ ਮਾਹਿਰ ਸ਼ਵੇਤਾ ਖੰਨਾ, ਮੈਂਟਰ (ਸਲਾਹਕਾਰ) ਅਧਿਆਪਕ ਅਤੇ ਸਿੱਖਿਆ ਡਾਇਰੈਕਟੋਰੇਟ, ਜੀਐਨਸੀਟੀ ਦਿੱਲੀ ਵਿਖੇ ਅੰਗਰੇਜ਼ੀ ਭਾਸ਼ਾ ਅਧਿਆਪਕ ਮਨੂ ਗੁਲਾਟੀ ਨੇ ਇਸ ਵਰਕਸ਼ਾਪ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਇੱਕ ਪ੍ਰਭਾਵਸ਼ਾਲੀ ਅਤੇ ਮਿਆਰੀ ਗੱਲਬਾਤ ਸੈਸ਼ਨ ਦੱਸਿਆ।
ਸਿੱਖਿਆ ਮੰਤਰੀ ਮੀਤ ਹੇਅਰ ਨੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਬੰਧਤ ਸਕੂਲਾਂ ਵਿੱਚ ਪੇਸ਼ ਆ ਰਹੀਆਂ ਗੰਭੀਰ ਮੁਸ਼ਕਲਾਂ ਨੂੰ ਬੜੇ ਗਹੁ ਨਾਲ ਸੁਣੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਭਵਿੱਖ ਵਿੱਚ ਸਾਰੀਆਂ ਗੈਰ ਅਧਿਆਪਨ ਗਤੀਵਿਧੀਆਂ ਤੋਂ ਮੁਕਤ ਕੀਤਾ ਜਾਵੇਗਾ।