ਪੱਤਰ ਪ੍ਰੇਰਕ
ਜਗਰਾਉਂ, 14 ਨਵੰਬਰ
ਆਪਣੀ ਮਾਲਕੀ ਜ਼ਮੀਨ ਦੇ ਗਲਤ ਦਸਤਾਵੇਜ਼ ਤਿਆਰ ਕਰ ਕੇ ਪਹਿਲਾਂ ਬੈਂਕ ਤੇ ਮਗਰੋਂ ਇੱਕ ਵਪਾਰੀ ਨਾਲ ਧੋਖਾ ਕਰਨ ਦੇ ਦੋਸ਼ ਹੇਠ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਨੇ ਰੁਪਿੰਦਰ ਕੌਰ ਵਾਸੀ ਪੱਖੋਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੜਤਾਲੀ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨਾਲ ਰੁਪਿੰਦਰ ਕੌਰ ਪਤਨੀ ਮੇਜਰ ਸਿੰਘ ਵਾਸੀ ਪੱਖੋਵਾਲ (ਲੁਧਿਆਣਾ) ਨੇ ਜਮਾਂਬੰਦੀ ਸਾਲ 2012-13 ਦੀ ਆਪਣੀ ਜ਼ਮੀਨ ਦੀ ਜਾਅਲੀ ਫਰਦ ਦਿਖਾ ਕੇ ਰਿਜਸਟਰੀ ਕਰਵਾ ਦਿੱਤੀ। ਜਦਕਿ ਰੁਪਿੰਦਰ ਕੌਰ ਦੀ ਜ਼ਮੀਨ ਪਹਿਲਾਂ ਹੀ ਐੱਚਡੀਐੱਪਸੀ ਬੈਂਕ ਕੋਲ 60 ਲੱਖ ਰੁਪਏ ’ਚ ਆੜ੍ਹ ਰਹਿਣ ਕੀਤੀ ਹੋਈ ਸੀ। ਰੁਪਿੰਦਰ ਕੌਰ ਨੇ ਬੈਂਕ ਨੂੰ ਧੋਖੇ ’ਚ ਰੱਖ ਕੇ ਉਸੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ, ਜਿਨ੍ਹਾਂ ’ਤੇ ਬੈਂਕ ਦਾ ਕੋਈ ਜ਼ਿਕਰ ਨਹੀਂ ਸੀ। ਇਹ ਦਸਤਾਵੇਜ਼ ਉਸ ਨੇ ਜ਼ਮੀਨ ਦਾ ਸੌਦਾ ਕਰਨ ਲਈ ਵਰਤ ਕੇ ਵਿਨੋਦ ਕੁਮਾਰ ਅਤੇ ਦਵਿੰਦਰ ਸਿੰਘ ਨਾਲ ਧੋਖਾ ਕੀਤਾ। ਸੀਨੀਅਰ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਇਸ ਮਾਮਲੇ ਦੀ ਪੜਤਾਲ ਜ਼ਿਲ੍ਹੇ ਦੇ ਉਚ ਪੁਲੀਸ ਅਧਿਕਾਰੀ ਤੋਂ ਕਰਵਾਈ। ਸਾਰੇ ਦੋਸ਼ ਸੱਚ ਸਾਬਤ ਹੋਣ ’ਤੇ ਪੁਲੀਸ ਨੇ ਰੁਪਿੰਦਰ ਕੌਰ ਖਿਲਾਫ ਕੇਸ ਦਰਜ ਕਰ ਲਿਆ ਅਤੇ ਉਸ ਨੂੰ ਹਿਰਾਸਤ ’ਚ ਲੈਣ ਲਈ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।