ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਮਾਰਚ
ਥਾਣਾ ਡਾਬਾ ਦੀ ਪੁਲੀਸ ਨੇ ਇਕ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਦੋ ਮੁਲਾਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਗਗਨਦੀਪ ਕਲੋਨੀ ਬਸਤੀ ਜੋਧੇਵਾਲ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਸਦਾ ਤੇਤੀ ਫੁੱਟਾ ਰੋਡ ਪਿੱਪਲ ਚੌਕ ਵਿੱਚ ਸ਼ਰਾਬ ਦਾ ਠੇਕਾ ਹੈ, ਜਿੱਥੇ ਆਸ਼ੂ ਡੰਗ ਅਤੇ ਬੱਬੂ ਬਾਜਵਾ ਕੰਮ ਕਰਦੇ ਹਨ। ਉਹ ਸ਼ਰਾਬ ਦੇ ਠੇਕੇ ਦੀ ਨਗਦੀ ਦਫ਼ਤਰ ਵਿੱਚ ਜਮ੍ਹਾਂ ਕਰਵਾਉਂਦੇ ਹਨ। ਦੋਹਾਂ ਨੇ ਆਪਸੀ ਮਸ਼ਵਰੇ ਨਾਲ ਸ਼ਰਾਬ ਦੇ ਠੇਕੇ ਦੀ 3-4 ਲੱਖ ਰੁਪਏ ਦੀ ਰਕਮ ਦਾ ਗਬਨ ਕਰ ਲਿਆ ਅਤੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਕੇਸ ਦਰਜ ਕਰਨ ਉਪਰੰਤ ਕੀਤੀ ਤਫ਼ਤੀਸ਼ ਦੌਰਾਨ ਆਸ਼ੂ ਡੰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸ ਦੇ ਸਾਥੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।