ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਾਰਚ
ਜ਼ਿਆਦਾ ਕਿਰਾਏ ਦੇ ਲਾਲਚ ’ਚ ਪੱਛਮੀ ਬੰਗਾਲ ਤੋਂ ਨਸ਼ੀਲਾ ਪਦਾਰਥ ਲਿਆ ਕੇ ਲੁਧਿਆਣਾ ’ਚ ਸਪਲਾਈ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਸਾਹਨੇਵਾਲ ਕੋਲੋਂ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਕੁਇੰਟਲ ਚਾਰ ਕਿਲੋ ਗਾਂਜਾ, ਅੱਧਾ ਕਿਲੋ ਅਫ਼ੀਮ ਤੇ 300 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਟਰੱਕ ਵੀ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ’ਚ ਮੁਲਜ਼ਮ ਨਸ਼ੀਲਾ ਪਦਾਰਥ ਸਪਲਾਈ ਕਰਨ ਲਈ ਜਾਂਦੇ ਸਨ। ਪੁਲੀਸ ਨੇ ਇਸ ਮਾਮਲੇ ’ਚ ਪਿੰਡ ਖਹਿਰਾ ਵਾਸੀ ਅਵਨਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਫਤਹਿਗੜ੍ਹ ਸਾਹਿਬ ਵਾਸੀ ਕੁਲਦੀਪ ਸਿੰਘ ਤੇ ਫਤਹਿਗੜ੍ਹ ਦੇ ਪਿੰਡ ਚਹਿਲਾ ਵਾਸੀ ਗੁਰਜੀਤ ਸਿੰਘ ਦੇ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਟੀਮ ਨੇ ਸੂਚਨਾ ਦੇ ਅਧਾਰ ’ਤੇ ਸਾਹਨੇਵਾਲ ਕੋਲ ਮੁਲਜ਼ਮਾਂ ਦਾ ਟਰੱਕ ਰੋਕ ਲਿਆ। ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ’ਚੋਂ ਸਾਮਾਨ ਬਰਾਮਦ ਕੀਤਾ। ਮੁਲਜ਼ਮ ਪੱਛਮੀ ਬੰਗਾਲ ਨੂੰ ਸਾਮਾਨ ਲੈ ਕੇ ਜਾਂਦੇ ਆਉਂਦੇ ਹਨ। ਮੁਲਜ਼ਮਾਂ ਨੇ ਜ਼ਿਆਦਾ ਕਿਰਾਇਆ ਮੰਗਿਆ ਤੇ ਗਾਂਜਾ ਸਪਲਾਈ ਕਰਨ ਦੀ ਗੱਲ ਵੀ ਕਰ ਲਈ। ਨਾਲ ਹੀ ਟਰੱਕ ਚਾਲਕ ਖੁੱਦ ਹੀ ਅਫ਼ੀਮ ਤੇ ਭੁੱਕੀ ਵੀ ਲੈ ਆਏ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਜ਼ਿਆਦਾ ਕਿਰਾਇਆ ਲੈਣ ਦੀ ਆੜ ’ਚ ਨਸ਼ਾ ਪੰਜਾਬ ’ਚ ਲਿਆਂਦੇ ਰਹੇ ਹਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਇਹ ਨਸ਼ਾ ਕਿਸ ਦੇ ਲਈ ਲਿਆਏ ਸਨ ਅਤੇ ਉਨ੍ਹਾਂ ਕਿੱਥੇ ਸਪਲਾਈ ਕਰਨਾ ਸੀ।