ਪੱਤਰ ਪ੍ਰੇਰਕ
ਲੁਧਿਆਣਾ, 18 ਮਈ
ਥਾਣਾ ਸਦਰ ਦੀ ਪੁਲੀਸ ਨੇ ਇਕ ਔਰਤ ਸਮੇਤ ਦੋ ਭਗੌੜਿਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਥਾਣੇਦਾਰ ਸਾਰਜ ਕੁਮਾਰ ਨੇ ਦੱਸਿਆ ਹੈ ਕਿ ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ ਸ੍ਰੀਮਤੀ ਸਿੰਮਾ ਰਾਣੀ ਦੀ ਅਦਾਲਤ ਵਿੱਚ ਪਿੰਡ ਅਲੂਣਾ ਤੋਲਾ (ਪਾਇਲ) ਵਾਸੀ ਹਰਦੀਪ ਸਿੰਘ ਅਤੇ ਰਣਬੀਰ ਕੌਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਚੱਲ ਰਿਹਾ ਸੀ ਅਤੇ ਉਹ ਅਦਾਲਤ ਵਿੱਚ ਪੇਸ਼ ਨਹੀਂ ਸਨ ਹੋ ਰਹੇ। ਦੋਹਾਂ ਨੂੰ ਅੱਜ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਖੰਨਾ ਪੁਲੀਸ ਨੇ ਵੱਖ ਵੱਖ ਮਾਮਲਿਆਂ ’ਚ ਨਾਮਜ਼ਦ 2 ਵਿਅਕਤੀ ਜੋ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸੀ, ਕਾਬੂ ਕੀਤੇ। ਐੱਸਐੱਚਓ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਏਐੱਸਆਈ ਅਵਤਾਰ ਸਿੰਘ ਨੂੰ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਲਖਵਿੰਦਰ ਸਿੰਘ ਵਾਸੀ ਬਦੌਛੀ ਕਲਾਂ ਥਾਣਾ ਮੁੱਲ੍ਹੇਪੁਰ ਤੇ ਮਨਦੀਪ ਸਿੰਘ ਵਾਸੀ ਮੀਰਪੁਰ ਥਾਣਾ ਫਤਹਿਗੜ੍ਹ ਸਾਹਿਬ ਜੋ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਰੂਪੋਸ਼ ਹੋ ਗਏ ਸਨ, ਜਿਨ੍ਹਾਂ ਨੂੰ ਅਦਾਲਤ ਨੇ ਨਵੰਬਰ 2019 ਨੂੰ ਪੀਓ ਕਰਾਰ ਦਿੱਤਾ ਗਿਆ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਜਾਂਚ ਅਰੰਭ ਦਿੱਤੀ ਹੈ। ਇਸ ਮੌਕੇ ਏਐਸਆਈ ਰਾਜਿੰਦਰ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਹਾਜ਼ਰ ਸਨ।