ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਨਵੰਬਰ
ਹੰਬੜਾ ਰੋਡ ਦੀ ਬਾਬਾ ਮਾਰਕੀਟ ’ਚ ਸਥਿਤ ਸਤਿਗੁਰੂ ਜਿਊਲਰਜ਼ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਲੁਧਿਆਣਾ ਪੁਲੀਸ ਨੇ ਕਾਬੂ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ, ਜਦੋਂ ਮੁਲਜ਼ਮ ਕਾਰ ’ਤੇ ਜਾਅਲੀ ਨੰਬਰ ਲਾ ਕੇ ਲੁੱਟ ਦੀ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਜਾਅਲੀ ਨੰਬਰ ਲੱਗੀ ਕਾਰ, 32 ਬੋਰ ਦੀ ਪਿਸਤੌਲ, ਛੇ ਕਾਰਤੂਸ, ਡੰਮੀ ਪਿਸਤੌਲ, ਲੁੱਟ ਕੀਤੇ ਗਏ ਗਹਿਣੇ ਦੇ ਹੋਰ ਸਾਮਾਨ ਸਮੇਤ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਮਾਣੇਵਾਲ ਵਾਸੀ ਮਨਜਿੰਦਰ ਸਿੰਘ ਉਰਫ਼ ਮਿੰਦੀ, ਪਿੰਡ ਬੁਰਜ ਪ੍ਰਵਾਤ ਵਾਸੀ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਜਗਦੀਸ਼ ਸਿੰਘ ਤੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ਵਾਸੀ ਆਸ਼ੀਸ਼ ਅਗਰਵਾਲ ਵਜੋਂ ਹੋਈ ਹੈ, ਜਦੋਂਕਿ ਇੱਕ ਸਾਥੀ ਮੱਖਣ ਸਿੰਘ ਹਾਲੇ ਫ਼ਰਾਰ ਹੈ। ਜਿਸਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ।
ਇਸ ਸਬੰਧੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 19 ਅਕਤੂਬਰ ਨੂੰ ਸਤਿਗੁਰੂ ਜਿਊਲਰਜ਼ ਦਾ ਮਾਲਕ ਜਦੋਂ ਦੁਕਾਨ ’ਤੇ ਇਕੱਲਾ ਬੈਠਾ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਹਥਿਆਰ ਦੀ ਨੋਕ ’ਤੇ ਕਰੀਬ ਅੱਠ ਲੱਖ ਰੁਪਏ ਦੇ ਗਹਿਣੇ ਲੁੱਟ ਲਏ ਸਨ।
ਰੇਕੀ ਤੋਂ ਬਾਅਦ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲੀਸ ਅਨੁਸਾਰ ਮੁਲਜ਼ਮ ਮਨਜਿੰਦਰ ਸਿੰਘ ਸਾਮਾਨ ਡਿਲਿਵਰੀ ਕਰਨ ਵਾਲੀ ਕੰਪਨੀ ਸਵੀਗੀ ’ਚ ਕੰਮ ਕਰਦਾ ਸੀ। ਉਹ ਅਕਸਰ ਹੰਬੜਾ ਰੋਡ ’ਤੇ ਸਾਮਾਨ ਡਿਲੀਵਰ ਕਰਨ ਲਈ ਜਾਂਦਾ ਰਹਿੰਦਾ ਸੀ। ਜਦੋਂ ਵੀ ਉਹ ਦੁਕਾਨ ਦੇ ਕੋਲੋਂ ਲੰਘਦਾ ਸੀ ਤਾਂ ਅਕਸਰ ਦੁਕਾਨ ’ਤੇ ਬਜ਼ੁਰਗ ਬੈਠੇ ਹੁੰਦੇ ਸਨ। ਜਿਸ ਤੋਂ ਬਾਅਦ ਮੁਲਜ਼ਮ ਮਨਜਿੰਦਰ ਨੇ ਲੁੱਟ ਦੀ ਯੋਜਨਾ ਬਣਾਈ। ਉਸਨੇ ਇਸ ਬਾਰੇ ਆਪਣੇ ਦੋਸਤ ਜਗਦੀਸ਼ ਨਾਲ ਗੱਲ ਕੀਤੀ ਤੇ ਰੇਕੀ ਕਰਨ ਤੋਂ ਬਾਅਦ ਬਾਕੀ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਪੂਰੀ ਯੋਜਨਾ ਤਿਆਰੀ ਕੀਤੀ।
ਮੱਧ ਪ੍ਰਦੇਸ਼ ਤੋਂ 20 ਹਜ਼ਾਰ ’ਚ ਮੰਗਵਾਇਆ ਸੀ ਪਿਸਤੌਲ
ਮੁਲਜ਼ਮਾਂ ਦੇ ਵਾਰਦਾਤ ਨੂੰ ਅੰਜਾਮ ਦੇਣ ਲਈ 20 ਹਜ਼ਾਰ ’ਚ ਪਿਸਤੌਲ ਮੰਗਵਾਇਆ ਸੀ। ਮੁਲਜ਼ਮ ਆਸ਼ੀਸ਼ ਨੇ ਹੀ ਉਨ੍ਹਾਂ ਨੂੰ ਆਪਣੇ ਕਿਸੇ ਜਾਣਕਾਰ ਤੋਂ ਹਥਿਆਰ ਦਿਵਾਇਆ ਸੀ। ਪੁਲੀਸ ਮੁਲਜ਼ਮ ਆਸ਼ੀਸ਼ ਦੀ ਭਾਲ ’ਚ ਸੀ ਕਿ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਆਸ਼ੀਸ਼ ਮੁਲਜ਼ਮਾਂ ਤੋਂ ਪੈਸੇ ਲੈਣ ਲਈ ਸ਼ਹਿਰ ਵਿੱਚ ਆ ਰਿਹਾ ਹੈ। ਪੁਲੀਸ ਨੇ ਸੂਚਨਾ ਮਿਲਦੇ ਹੀ ਆਸ਼ੀਸ਼ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮਾਂ ਦਾ ਲੁੱਟ ਵਿੱਚ ਸਾਥ ਦੇਣ ਵਾਲਾ ਮੁਲਜ਼ਮ ਮੱਖਣ ਸਿੰਘ ਹਾਲੇ ਫ਼ਰਾਰ ਹੈ।